ਬਾਂਹ ਮੇਰੀ ਤੂੰ ਫ਼ੱੜ ਲੈ ਰੱਬਾ ਕਿਤੇ ਰਾਹੋਂ ਭਟਕ ਨ੍ਹਾਂ ਜਾਵਾਂ
ਕੱਲਜੁਗੀ ਇਸ ਹੋੜ ਦੇ ਅੰਦਰ ਨ੍ਹਾਂ ਐਵੇਂ ਜਨਮ ਗਾਵਾਵਾਂ
ਲੇਖੇ ਲਾਵਾਂ ਸਵਾਸ ਅਮੁੱਲੇ ਕੀਰਤ ਹਰਦਮ ਤੇਰੀ ਗਾਵਾਂ
ਸ਼ੁਕਰ ਸਬਰ ਸੰਤੋਖ ਭਰੋਸਾ ਰਿਦ ਅੰਤਰ ਸਦਾ ਵਸਾਵਾਂ
ਭੁੱਲਣਹਾਰ ਹਾਂ ਮੇਰੇ ਸਾਈਂ ਅਵਗੁਣ ਮੇਰੇ ਅੱਤ ਘਣੇਰੇ
ਤ੍ਰੁਠ ਕੇ ਦੇ ਸਦਬੁੱਧੀ ਐਸੀ ਸੱਚੀ ਡਗਰ ਪੈਣ ਪਗ ਮੇਰੇ
ਤੂੰ ਹੈਂ ਸੱਚਾ ਮਲਿਕ ਇੱਕੋ ਮੈਂ ਚਾਕਰ ਬੈਠਾ ਦਰ ਤੇਰੇ
ਉਜਲੇ ਕਰਮ ਕਰਾਈਂ ਦਾਤਾ ਝੂਠ ਪਾਪ ਦੇ ਢਾਈਂ ਡੇਰੇ
ਮਾਣਿਕ ਕੰਚਨ ਮਹਿਲ ਦੁਸ਼ਾਲੇ ਬੇਸ਼ਕ ਦੇਵੀਂ ਯਾ ਨ੍ਹਾਂ ਦੇਵੀਂ
ਦੇਵੀਂ ਭੁੱਖ ਨਾਮ ਦੀ ਨਾਲੇ ਪਿਆਸ ਦਰਸ ਤੇਰੇ ਦੀ ਦੇਵੀਂ
ਸੁੱਖ ਸਾਧਨ ਪਦਾਰਥ ਛੱਤੀ ਇਹ ਵੀ ਦੇਵੀਂ ਯਾ ਨਾ ਦੇਵੀਂ
ਦੇਵੀਂ ਸੇਵਾ ਸਿਮਰਨ ਨਾਲੇ ਸਾਧ ਸੰਗਤ ਪਗ ਧੂੜੀ ਦੇਵੀਂ
ਬਖ਼ਸ਼ਣਹਾਰ ਨੇਂ ਕਹਿੰਦੇ ਤੈਨੂੰ ਮਿਹਰਾਂ ਤੇਰੀਆਂ ਨੇਂ ਬੇਅੰਤ
ਮੰਗਤਾ ਤੇਰੇ ਦਰ ਦਾ ਹਰ ਕੋਈ ਨਰ ਨਾਰੀ ਤੇ ਜੀਅ ਜੰਤ
ਮਨਸ਼ਾ ਕਰਦੇ ਪੂਰੀ ਮੇਰੀ ਰਸਨਾ ਜਪੇ ਤੇਰੇ ਨਾਮ ਦਾ ਮੰਤ
ਪਾਕੇ ਦਾਸ ਤੇ ਕ੍ਰਿਪਾ ਦ੍ਰਿਸ਼ਟੀ ਆਵਾਗਵਣ ਦਾ ਕਰਦੇ ਅੰਤ
ਇੱਕੋ ਟੇਕ ਤੇਰੀ ਈਸ਼ਵਰ ਮੈਨੂੰ ਅਵਰ ਨ੍ਹਾਂ ਸੂਝੇ ਦੂਜੀ ਥਾਂ
ਤੂੰ ਹੀ ਮੇਰਾ ਬੰਧਪ ਭ੍ਰਾਤਾ ਹੈਂ ਤੂੰ ਹੀ ਪਿਤਾ ਤੂੰ ਹੀ ਮੇਰੀ ਮਾਂ
ਬਾਂਹ ਮੇਰੀ ਨ੍ਹਾਂ ਛੱਡੀਂ  ਦਾਤਾ ਮੈਂ ਤੇਰਾ ਸਿਰਫ ਹੀ ਤੇਰਾ ਹਾਂ
ਮੰਗੇ ਦਾਨ "ਜੀਤ" ਇਹ ਤੈਥੋਂ ਹਿਰਦੇ ਵੱਸੇ ਇੱਕ ਤੇਰਾ ਨਾਂ
***********************************
 
 
 
ਆਓ ਚੁਕਿਏ ਮਿਲ ਕੇ ਬੀੜਾ
 
 
***********************************
ਰਾਵਣ 
ਪਾਪ ਕਮਾਇਆ ਸੀ ਰਾਵਣ ਨੇਂ 
ਸਦੀਆਂ ਤੋਂ ਓਹ ਫੂਕਿਆ ਜਾਵੇ 
ਸੱਚ ਭਲਾਈ ਓੜਕ ਉਭਰੇ 
ਝੂਠ ਬੁਰਾਈ ਲਾਹਨਤ ਖਾਵੇ 
ਪਰ ਅਜ ਸਰੇ-ਆਮ ਹਾਂ ਫ਼ਿਰਦੇ
ਰਾਵਣ ਵਰਗੇ ਕਰਮ ਅਸਾਂ ਦੇ 
ਪਾ ਕੇ ਉੱਪਰ ਖੱਲ ਭੇਡ ਦੀ 
ਪਰ ਤਨ ਧਨ ਤੇ ਨਜ਼ਰ ਟਿਕਾਂਦੇ
ਭੇਖੀ ਭਗਤ ਹਾਂ ਬਗਲੇ ਵਰਗੇ 
ਧਰਮ ਕਰਮ ਦੀ ਡੋੰਡੀ ਕਰੀਏ  
ਕਥਨੀ ਕਰਨੀ ਵੱਖ ਵੱਖ ਸਾਡੀ 
ਨਿਜ-ਹਿਤ ਕਾਰਣ ਆਗੂ ਬਣੀਏ
ਈਸ਼ਵਰ ਦੇਵੇ ਸਦਬੁਧੀ ਸਾਨੂੰ 
ਮੱਤ ਸਾਡੀ ਹੁਣ ਆਵੇ ਥਾਂ 
ਲਈਏ ਮੂਲ ਪਛਾਣ ਆਪਣਾਂ 
ਸੱਚੇ ਪਿਤਾ ਦਾ ਜਪੀਏ ਨਾਂ 
ਆਓ ਚੁਕਿਏ ਮਿਲ ਕੇ ਬੀੜਾ
ਬਣਾਈਏ ਸੁਥਰਾ ਇਹ ਸੰਸਾਰ 
ਕਰੀਏ ਕਰਮ ਸਦ ਉੱਚੇ ਸੁੱਚੇ 
ਰਾਵਣ ਮਨ ਚੋਂ ਸੁੱਟੀਏ ਬਾਹਰ 
ਅਸੀਂ ਪ੍ਰਭੂ ਦੀ ਅੰਸ਼ ਹਾਂ ਸਾਰੇ 
ਇਹ ਗਲ ਪੱਕੀ ਲਈਏ ਜਾਣ
ਕੱਲ ਵੀ ਸਤਯੁਗ ਵਾਂਗੂੰ ਲੱਗੇ  
ਕਰੀਏ ਉੱਦਮ ਰੱਬ ਦੇਵੇ ਤਾਣ
'ਜੀਤ' ਦੀ ਮਨਸ਼ਾ ਹੋਵੇ ਪੂਰਨ 
ਕਰੇ ਮੇਹਰ ਓਹ ਸੱਚਾ ਸਾਈਂ 
ਦਾਨਵਤਾ ਦੀ ਬੱਲੇ ਹੋਲੀ 
ਜਿੱਤੇ ਮਾਨਵਤਾ ਹਰ ਥਾਈਂ 
( ਬਿਕਰਮਜੀਤ ਸਿੰਘ "ਜੀਤ" sethigem@yahoo.com) 
 

 
ਬਹੁਤ ਵਧੀਆਂ ਰਚਨਾਂ ਹੈ ਤੁਹਾਂਡੀ
ReplyDelete