ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

ਨਾਵਲ

ਸੱਜਰੀ ਪੈੜ ਦਾ ਰੇਤਾ 
ਧੀ ਭੈਣ ਕਾ ਜੋ ਪੈਸਾ ਖਾਵੈ।।
ਕਹੈ ਗੋਬਿੰਦ ਸਿੰਘ ਨਰਕ ਕੋ ਜਾਵੈ।। (ਰਹਿਤਨਾਮਾ)
  (ਕਿਸ਼ਤ 1)  
ਲੜੀਵਾਰ


ਸ਼ਾਮ ਦਾ ਵੇਲਾ ਸੀ! ਦਿੱਲੀ ਇੰਦਰਾ ਗਾਂਧੀ ਏਅਰਪੋਰਟ 'ਤੇ ਤਖ਼ਤੂਪੁਰੇ ਦਾ ਮਾਘੀ ਮੇਲਾ ਲੱਗਿਆ ਨਜ਼ਰ ਆਉਂਦਾ ਸੀ। ਲੋਕ ਅੱਡੀਆਂ ਚੁੱਕ-ਚੁੱਕ ਕੇ ਆਪਣੇ ਆਉਣ ਵਾਲ਼ੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਉਡੀਕ ਰਹੇ ਸਨ। ਬਾਹਰ ਆਉਣ ਵਾਲ਼ੇ ਗੇਟ 'ਤੇ ਲੋਕ ਇਕ ਤਰ੍ਹਾਂ ਨਾਲ਼ ਅੱਖਾਂ ਵਿਛਾਈ ਖੜ੍ਹੇ ਸਨ। ਆਉਣ ਵਾਲ਼ੇ ਸੱਜਣਾਂ ਦੀ ਉਡੀਕ ਵਿਚ ਅੰਤਾਂ ਦਾ ਹੁਲਾਸ ਅਤੇ ਨਜ਼ਾਰਾ ਸੀ। ਅੱਖਾਂ ਵੈਰਾਗ ਗਈਆਂ ਸਨ ਵਿਛੜੇ ਰਿਸ਼ਤੇਦਾਰਾਂ, ਮਿੱਤਰਾਂ ਨੂੰ ਤੱਕਣ ਲਈ! ਵਿਛੜੀਆਂ ਰੂਹਾਂ ਨੂੰ ਮਿਲਣ ਲਈ ਮਨ ਦੀ 'ਤਮੰਨਾਂ' ਹਾਬੜੀ ਪਈ ਸੀ! ਹਰ ਇਕ ਉਡੀਕਣ ਵਾਲ਼ੇ ਦੇ ਦਿਲ ਦੀ ਗਤੀ ਤੇਜ਼ ਸੀ ਅਤੇ ਨਜ਼ਰ ਦੂਰਬੀਨ ਬਣੀ ਹੋਈ ਸੀ। ਜਦੋਂ ਬਾਹਰ ਵਾਲ਼ੇ ਗੇਟ ਦਾ ਦਰਵਾਜਾ ਖੁੱਲ੍ਹਦਾ ਤਾਂ ਲੋਕ ਇਕ ਦੂਜੇ ਦੇ ਮੋਢਿਆਂ 'ਤੇ ਨਾਸਾਂ ਰਾਹੀਂ ਫ਼ੂਕਾਂ ਮਾਰਦੇ, ਬੜੀ ਹਸਰਤ ਨਾਲ਼ ਦੇਖਦੇ! ਜਦੋਂ ਮੁਸਾਫ਼ਿਰ ਬਾਹਰ ਨਿਕਲ਼ ਕੇ ਆਪਣੇ ਆਪਣੇ ਨਜ਼ਦੀਕੀਆਂ ਦੀਆਂ ਬੁੱਕਲਾਂ ਵਿਚ ਗੁਆਚ ਜਾਂਦੇ, ਤਾਂ ਉਡੀਕਣ ਵਾਲ਼ੇ ਪਲ ਭਰ ਲਈ ਉਦਾਸ ਨਿਰਾਸ਼ ਹੋ ਜਾਂਦੇ ਅਤੇ ਅਗਲੀ ਵਾਰ ਦਰਵਾਜਾ ਖੁੱਲ੍ਹਣ ਦੀ ਉਡੀਕ ਫਿਰ ਸ਼ੁਰੂ ਹੋ ਜਾਂਦੀ..। ਆਸ ਵਿੰਨ੍ਹੀ ਉਡੀਕ...!
ਲੰਡਨ ਤੋਂ ਬ੍ਰਿਟਿਸ਼ ਏਅਰਵੇਜ਼ ਦੀ ਚੱਲੀ ਫ਼ਲਾਈਟ ਖੰਭ ਜਿਹੇ ਖਿਲਾਰ ਕੇ ਸਿੱਧੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ 'ਤੇ ਆ ਉਤਰੀ ਸੀ। ਕਸਟਮ ਤੋਂ ਵਿਹਲੀ ਹੋ ਕੇ ਹਨੀ ਜਦ ਏਅਰਪੋਰਟ ਤੋਂ ਬਾਹਰ ਆਈ ਤਾਂ ਬਾਹਰ ਬਾਪੂ ਮੀਹਾਂ ਸਿੰਘ ਅਤੇ ਵੱਡਾ ਭਰਾ ਬੁੱਕਣ ਸਿੰਘ ਖੜ੍ਹੇ ਉਡੀਕ ਰਹੇ ਸਨ। ਸੂਟਕੇਸਾਂ ਵਾਲ਼ੀ ਟਰਾਲੀ ਖੜ੍ਹੀ ਕਰਕੇ ਉਸ ਨੇ ਬਾਪੂ ਨੂੰ ਓਪਰੀ ਜਿਹੀ ਜੱਫ਼ੀ ਪਾਈ। ਬਾਪੂ ਨੇ ਵੀ ਅਣਮੰਨੇ ਜਿਹੇ ਮਨ ਨਾਲ਼ ਧੀ ਦਾ ਸਿਰ ਪਲ਼ੋਸ ਦਿੱਤਾ। ਬੁੱਕਣ ਸਿੰਘ ਨੇ ਵੀ, "ਤਕੜੀ ਐਂ ਕੁੜ੍ਹੇ...?" ਪੁੱਛਿਆ ਸੀ। ਪਰ ਹਨੀ ਨੇ ਬੁੱਕਣ ਵੱਲ ਅੱਖ ਪੱਟ ਕੇ ਵੀ ਨਹੀਂ ਦੇਖਿਆ ਸੀ। ਉਹਨਾਂ ਦੇ ਮੇਲ਼-ਗੇਲ਼ ਵਿਚ ਕੋਈ ਮੋਹ-ਤੇਹ, ਕੋਈ ਉਤਸ਼ਾਹ ਜਾਂ ਕੋਈ ਅਪਣੱਤ ਨਹੀਂ ਸੀ। ਮਿਲਣਸਾਰਤਾ ਨਹੀਂ ਸੀ। ਸੀ ਤਾਂ ਸਿਰਫ਼ ਇਕ ਓਪਰਾਪਨ, ਜਿਹੜਾ ਉਹਨਾਂ ਦੀਆਂ ਉਦਾਸ ਰੂਹਾਂ ਦੀਆਂ ਖਲਪਾੜਾਂ ਕਰੀ ਜਾ ਰਿਹਾ ਸੀ। ਗੰਭੀਰ ਜਿਹੇ ਮਾਹੌਲ ਵਿਚ ਹਨੀ ਦੇ ਸਮਾਨ ਵਾਲ਼ੀ ਟਰਾਲੀ ਬੁੱਕਣ ਨੇ ਰੋੜ੍ਹ ਲਈ। ਕਿਸੇ ਨੇ ਕਿਸੇ ਨਾਲ਼ ਕੋਈ ਬਹੁਤੀ ਗੱਲ ਨਹੀਂ ਕੀਤੀ ਸੀ। ਜਿਵੇਂ ਉਹ ਇਕ ਦੂਸਰੇ ਲਈ 'ਬਿਗਾਨੇ' ਸਨ। ਜਿਵੇਂ ਉਹ ਇਕ ਦੂਜੇ ਨੂੰ ਜਾਣਦੇ ਹੀ ਨਹੀਂ ਸਨ, ਜਾਂ ਇਕ ਦੂਜੇ ਨਾਲ਼ ਨਰਾਜ਼ ਸਨ। ਲੋਕ ਦੋਸਤਾਂ ਰਿਸ਼ਤੇਦਾਰਾਂ ਨੂੰ ਹੱਸਦੇ ਖੇਡਦੇ ਛੱਡਣ ਜਾਂ ਲੈਣ ਲਈ ਆ-ਜਾ ਰਹੇ ਸਨ। ਯਾਰ, ਯਾਰਾਂ ਦੀਆਂ ਗਲਵਕੜੀਆਂ ਵਿਚ ਮਦਹੋਸ਼ ਹੋ ਰਹੇ ਸਨ। ਪਰ ਹਨੀ ਦੇ ਮਨ ਦਾ ਮੌਸਮ ਉਦਾਸ ਸੀ। ਉਸ ਦਾ ਦਿਲ ਕਿਸੇ ਵੈਰਾਨੀ ਕਾਰਨ ਉੱਜੜਿਆ ਪਿਆ ਸੀ।

ਸਰਦ ਸ਼ਾਮ ਦਾ ਰੰਗ ਸੁਰਮਈ ਹੋ ਗਿਆ ਸੀ।
ਕਿਰਾਏ ਦੀ ਕੁਆਇਲਸ ਗੱਡੀ ਦਾ ਡਰਾਈਵਰ ਸੀਟ 'ਤੇ ਬੈਠਾ ਊਂਘ ਰਿਹਾ ਸੀ। ਖਾਧੀ ਭੁੱਕੀ ਨੇ ਉਸ ਨੂੰ ਕੋਈ ਬਹੁਤੇ ਤਰਾਰੇ ਨਹੀਂ ਦਿਖਾਏ ਸਨ।
-"ਉਏ ਉਠ ਬਈ ਜਿਉਣ ਜੋਕਰਿਆ...! ਕਰ ਹਿੰਮਤ...! ਕੁੜੀ ਉਤਰ ਆਈ ਐ...!" ਮੀਹਾਂ ਸਿੰਘ ਦੀ ਅਵਾਜ਼ ਨੇ ਡਰਾਈਵਰ ਦੀ ਸੁਸਤ ਬਿਰਤੀ ਤੋੜੀ।
-"ਲੈ ਤਾਇਆ...! ਆਪਾਂ ਕਿਤੇ ਕਿਤੋਂ ਕੁਛ ਲੈਣ ਜਾਣੈਂ? ਨੌਕਰ ਕੀ ਤੇ ਨਖ਼ਰਾ ਕੀ? ਤੂੰ ਹੁਕਮ ਕਰ...! ਆਪਾਂ ਤੇਰੇ ਹੁਕਮ ਦੇ ਬੰਦੇ ਐਂ ਤਾਇਆ ਸਿਆਂ...!" ਡਰਾਈਵਰ ਨੇ ਆਖਿਆ।
ਉਹਨਾਂ ਨੇ ਸਾਰਾ ਸਮਾਨ ਗੱਡੀ ਵਿਚ ਰੱਖ ਲਿਆ।
-"ਚਾਹ ਪਾਣੀਂ ਤਾਂ ਨ੍ਹੀ ਪੀਣਾਂ ਹਨਿੰਦਰ...?" ਬਾਪੂ ਨੇ ਕਾਫ਼ੀ ਦੇਰ ਬਾਅਦ ਆਪਣਾ ਮੋਨ ਵਰਤ ਖੋਲ੍ਹਿਆ ਸੀ।
-"..........।" ਪਰ ਹਨੀ ਨੇ ਕੋਈ ਉੱਤਰ ਨਾ ਦਿੱਤਾ ਅਤੇ ਗੱਡੀ ਵਿਚ ਬੈਠ ਕੇ ਸ਼ੀਸ਼ੇ ਵਿਚੋਂ ਦੀ ਬਾਹਰ ਦੇਖਣ ਲੱਗ ਪਈ। ਹੱਸਦੀ ਖੇਡਦੀ ਦੁਨੀਆਂ, ਜਿਸ ਵਿਚ ਹਨੀ 'ਬਿਗਾਨੀ' ਹੋਈ ਬੈਠੀ ਸੀ!
ਉਤਰ ਨਾ ਆਉਣ ਕਰਕੇ ਬਾਪੂ ਚੁੱਪ ਕਰ ਗਿਆ।
ਉਹ ਧੀ ਦੇ ਦਿਲ ਦਾ ਦਰਦ ਬੜੀ ਅੱਛੀ ਤਰ੍ਹਾਂ ਸਮਝਦਾ ਸੀ। ਪਰ ਧੀ ਦੀ ਜ਼ਿੰਦਗੀ ਦਾ ਰੋਗ ਹੀ ਅਜਿਹਾ 'ਅਸਾਧ' ਸੀ ਕਿ ਬਾਪੂ ਮੂੰਹ ਪਾੜ ਕੇ ਕੁਝ ਆਖ ਨਹੀਂ ਸਕਦਾ ਸੀ। ਆਪਣੇ ਖ਼ਾਨਦਾਨ ਦੀ ਇੱਜ਼ਤ ਦਾ ਸੁਆਲ ਸੀ। ਜੇ ਝੱਗਾ ਚੁੱਕਦਾ ਸੀ, ਤਾਂ ਆਪਣਾ ਆਪ ਦਾ ਢਿੱਡ ਹੀ ਨੰਗਾ ਹੁੰਦਾ ਸੀ। ਉਹ ਢਕੀ ਹੀ ਰਿੱਝਣ ਦੇਣੀਂ ਚਾਹੁੰਦਾ ਸੀ। ਢੱਕਣ ਚੁੱਕਣ ਨਾਲ਼ ਆਪਣਾਂ ਮੂੰਹ ਹੀ ਮੱਚਣਾ ਸੀ!
-"ਤੂੰ ਬਈ ਕਾਲ਼ੇ...? ਚਾਹ ਪਾਣੀ ਪੀ ਲੈ...! ਫੇਰ ਚਾਰ ਘੰਟੇ ਵਧੀਆ ਰੁੜ੍ਹੇ ਜਾਵਾਂਗੇ..!" ਬੁੱਕਣ ਸਿੰਘ ਨੇ ਡਰਾਈਵਰ ਨੂੰ ਕਿਹਾ। ਉਸ ਦੀਆਂ ਦੋਨਾਲ਼ੀ ਬੰਦੂਕ ਵਰਗੀਆਂ ਨਾਸਾਂ 'ਚੋਂ ਦਾਰੂ ਦੀ 'ਭੜਦਾਅ' ਮਾਰ ਰਹੀ ਸੀ। ਜਿਵੇਂ ਹਾੜ੍ਹੀ ਦੀ ਵਾਢੀ ਮੌਕੇ ਤੂੜੀ ਵਾਲ਼ੇ ਅੰਦਰੋਂ ਪਾਏ ਲਾਹਣ ਦੇ ਡਰੰਮ 'ਚੋਂ ਮਾਰਦੀ ਹੈ।
-"ਪੀ ਲੈਨੇ ਐਂ ਬਾਈ...! ਨਾਲ਼ੇ ਤਾਂ ਠੰਢ ਹਟਜੂ ਤੇ ਨਾਲ਼ੇ ਅੱਖਾਂ ਜੀਆਂ ਖੁੱਲ੍ਹ ਜਾਣਗੀਆਂ...। ਨਹੀਂ ਤਾਂ ਸਾਲ਼ੇ ਹੱਡ ਈ ਜਾਮ ਹੋਏ ਪਏ ਐ, ਗੱਡੇ ਮਾਂਗੂੰ...!" ਡਰਾਈਵਰ ਨੇ ਥੱਲੇ ਉਤਰਦਿਆਂ ਕਿਹਾ।
ਡਰਾਈਵਰ ਨਾਲ਼ ਛਾਲ਼ ਮਾਰ ਕੇ ਬੁੱਕਣ ਵੀ ਥੱਲੇ ਉਤਰ ਆਇਆ। ਟਰੱਕ ਦੇ ਟੂਲ 'ਚੋਂ ਪਾਲਤੂ ਬਾਂਦਰੀ ਉਤਰਨ ਵਾਂਗ!
-"ਬਾਈ ਦੌਧਰੀਆ...! ਆਪਣਾ ਰਾਗਟ ਕਿੱਥੇ ਐ...? ਮੈਂ ਤਾਂ ਬਾਪੂ ਕਰਕੇ ਚੁੱਪ ਸੀ...!" ਬੁੱਕਣ ਨੇ ਡਰਾਈਵਰ ਨੂੰ ਕਿਹਾ। ਕਾਲ਼ੇ ਨੇ ਅੱਗਾ ਪਿੱਛਾ ਦੇਖ ਕੇ 'ਬਿੱਗ ਪਾਈਪਰ' ਦਾ ਅਧੀਆ ਡੱਬ 'ਚੋਂ ਕੱਢ ਕੇ ਬੁੱਕਣ ਦੇ ਹਵਾਲੇ ਕਰ ਦਿੱਤਾ। ਅਧੀਏ ਨੂੰ ਬੁੱਕਣ ਨੇ ਕੁੱਕੜ ਵਾਂਗ ਕੱਛ ਵਿਚ ਦੱਬ ਲਿਆ।
-"ਮੇਰੇ ਤਾਂ ਸਾਲ਼ੇ ਝੱਗੇ ਲਹੇ ਪਏ ਸੀ, ਜਾਣੀਂਦੀ ਸਾਰਾ ਏਰ੍ਹਪੋਟ ਈ ਉਜੜਿਆ ਲੱਗਦਾ ਸੀ।" ਬੁੱਕਣ ਦਾਰੂ ਦੇਖ ਕੇ ਰਿੱਛ ਵਾਂਗ ਲਾਚੜ ਗਿਆ।
-"ਤੂੰ ਮੇਰੇ ਕੋਲ ਆ ਕੇ ਲਾ ਲੈਣੀ ਸੀ ਘੁੱਟ..? ਜਕੀ ਕਾਹਤੋਂ ਗਿਆ..?"
-"ਤੈਨੂੰ ਪਤੈ ਈ ਐ ਯਾਰ ਬੁੜ੍ਹਾ ਅੜਬ ਐ, ਮੈਂ ਤਾਂ ਬਾਪੂ ਤੋਂ ਜਕ ਗਿਆ...! ਮਾੜੀ ਜੀ ਗੱਲ ਤੋਂ ਵੱਢਣ ਆਉਂਦੈ...!" ਉਸ ਨੇ ਨਲ਼ਕੇ ਕੋਲ਼ ਖੜ੍ਹਕੇ ਕਿਹਾ।
-"ਖਾਣ ਪੀਣ ਦੇ ਮਾਮਲੇ 'ਚ ਬਾਈ ਐਨਾਂ ਵੀ ਨ੍ਹੀ ਜਕੀਦਾ ਹੁੰਦਾ...! ਤੂੰ ਵੀ ਊਂਈਂ ਕਿਤੇ-ਕਿਤੇ ਸ਼ਾਂਤੀ ਸੰਮੇਲਨ ਆਲ਼ਿਆਂ ਮਾਂਗੂੰ ਸੀਲ ਬਣ ਤੁਰਦੈਂ...?"
-"ਉਏ ਨਹੀਂ ਨਿੱਕੇ ਭਾਈ...! ਕੋਈ ਕੋਈ ਸਮਾਂ ਈ ਸਾਲ਼ਾ ਐਹੋ ਜਿਆ ਹੁੰਦੈ...!" ਲੰਡਾ ਪੈੱਗ ਅੰਦਰ ਸੁੱਟਦਿਆਂ ਬੁੱਕਣ ਨੇ ਕਿਹਾ। ਦਾਰੂ ਨੇ ਉਸ ਅੰਦਰ ਅੱਗ ਮਚਾ ਦਿੱਤੀ। ਅੰਦਰਲੀ ਗੱਲ ਉਹ ਦਿਲ ਵਿਚ ਹੀ ਦੱਬ ਗਿਆ ਸੀ।
-"ਤੇਰੇ ਚਾਹ ਪੀਂਦੇ ਪੀਂਦੇ ਮੈਂ ਇਕ ਹੋਰ ਅੰਦਰ ਮਾਰਨੈਂ - ਫੇਰ ਆਪਣਾ ਬੇੜਾ ਪਾਰ ਐ...! ਚਾਰ ਘੰਟੇ ਮੈਂ ਮਾਰ ਨ੍ਹੀ ਖਾਂਦਾ-ਪਰ ਪੰਜਾਬ ਵੜਨ ਤੋਂ ਪਹਿਲਾਂ ਪੜਦੇ ਨਾਲ਼ ਇਕ ਅਧੀਆ ਹੋਰ ਫੜਲੀਂ! ਪੰਜਾਬ 'ਚ ਸਾਲ਼ੀ ਮਹਿੰਗੀ ਮਿਲ਼ਦੀ ਐ-ਸ੍ਹਾਬ ਕਿਤਾਬ 'ਕੱਠਾ ਈ ਕਰਲਾਂਗੇ...!" ਬੁੱਕਣ ਚਾਹ ਪੀਂਦੇ ਡਰਾਈਵਰ ਵੱਲ ਦੇਖ ਕੇ ਬੋਲਿਆ।
-"ਚਿੰਤਾ ਨਾ ਕਰ ਬਾਈ ਬੁੱਕਣਾਂ...! ਸਾਡੀ ਮਹਿਮਾਨ ਨਿਵਾਜੀ ਯਾਦ ਕਰਿਆ ਕਰੇਂਗਾ!" ਕਾਲੇ ਦੌਧਰੀਏ ਨੇ ਹਿੱਕ ਥਾਪੜ ਦਿੱਤੀ।
-"ਉਏ ਆਜੋ ਬਈ ਹੁਣ ਸ਼ੇਰੋ...!" ਦੂਰੋਂ ਅੰਨ੍ਹੇ ਜਿਹੇ ਚਾਨਣ ਵਿਚੋਂ ਬਾਪੂ ਦੀ ਅਵਾਜ਼ ਆਈ।
-"ਬੱਸ ਆਗੇ ਬਾਪੂ...!" ਬੁੱਕਣ ਨੇ ਰਹਿੰਦੇ ਅਧੀਏ ਦੇ ਗਲ਼ ਨੂੰ ਹੱਥ ਪਾ ਲਿਆ, "ਅੱਗੇ ਚੱਲ ਕੇ ਕਿਹੜਾ ਮੱਕੀ ਗੁੱਡਣੀਂ ਐਂ...?" ਅਖੀਰਲੀ ਗੱਲ ਉਸ ਨੇ ਦੱਬਵੇਂ ਜਿਹੇ ਬੋਲਾਂ ਨਾਲ਼ ਆਖੀ ਸੀ।
-"ਨਬੇੜ ਕੰਮ ਫੇਰ ਚੱਲੀਏ...!" ਚਾਹ ਦਾ ਖਾਲੀ ਗਿਲਾਸ ਹੋਟਲ ਦੀ ਬੰਨੀਂ 'ਤੇ ਰੱਖਦੇ ਡਰਾਈਵਰ ਨੇ ਆਖਿਆ।
-"ਇਹ ਤਾਂ ਗਈ ਸਮਝ ਕਾਲ਼ਾ ਸਿਆਂ...!" ਰਹਿੰਦੀ ਦਾਰੂ ਬੁੱਕਣ ਨੇ ਗਿਲਾਸ ਵਿਚ ਉਲੱਦ ਕੇ ਕਿਹਾ।
ਸਰਦੀਆਂ ਦਾ ਸੂਰਜ ਛੇਤੀ ਹੀ ਹਥਿਆਰ ਸੁੱਟ ਗਿਆ ਸੀ। ਤੁਰਦਿਆਂ ਕਰਦਿਆਂ ਉਹਨਾਂ ਨੂੰ ਰਾਤ ਦੇ ਅੱਠ ਵੱਜ ਗਏ ਸਨ। ਭਾਰਤੀ ਟਰੈਫ਼ਿਕ ਦੀ "ਟੀਂ-ਟਾਂਅ" ਹਨੀ ਦਾ ਕਾਲ਼ਜਾ ਕੱਢ ਰਹੀ ਸੀ। ਉਹ ਘੇਸਲ਼ ਜਿਹੀ ਮਾਰੀ, ਮੂੰਹ ਵੱਟੀ ਬੈਠੀ ਸੀ। ਦਿਲ ਘਟਣ ਵਾਲ਼ਿਆਂ ਵਾਂਗ! ਖਿਆਲਾਂ ਦੀ ਉਪਰੋਥਲ਼ੀ ਉਸ ਦੇ ਜ਼ਿਹਨ ਅੰਦਰ ਤੂਫ਼ਾਨ ਬਣੀ ਹੋਈ ਸੀ। ਬਾਪੂ ਚੁੱਪ ਸੀ। ਡਰਾਈਵਰ ਦੇ ਨਾਲ਼ ਬੈਠਾ ਬੁੱਕਣ ਖ਼ਾਮੋਸ਼ ਸੀ। ਹਨੀ ਕਿਸੇ ਉਧੇੜਬੁਣ ਵਿਚ ਮੱਥਾ ਫੜੀ ਬੈਠੀ ਸੀ। ਉਹਨਾਂ ਦੀ ਚੁੱਪ ਇਕ ਭਿਆਨਕ ਰੂਪ ਧਾਰੀ ਖੜ੍ਹੀ ਸੀ।
-"ਤੈਨੂੰ ਮੈਂ ਕਾਹਨੂੰ ਜੰਮਣਾ ਸੀ ਹਨਿੰਦਰ...! ਸਾਰੀ ਉਮਰ ਤੇਰੇ ਵੱਲੋਂ ਭੁੱਜਦਾ ਈ ਆਇਐਂ - ਕਦੇ ਸੁਖ ਦਾ ਸਾਹ ਨ੍ਹੀ ਆਇਆ ਤੇਰੇ ਵੱਲੋਂ...!" ਅਚਾਨਕ ਬਾਪੂ ਨੇ ਕੱਛ 'ਚੋਂ ਮੂੰਗਲ਼ਾ ਕੱਢ ਮਾਰਿਆ। ਦਿਲ ਵਿਚ ਮੱਚਦੀ ਭੜ੍ਹਾਸ ਬਾਹਰ ਕੱਢੀ। ਕੋਈ ਗੱਲ ਉਸ ਅੰਦਰ ਕਦੋਂ ਦੀ ਜੁਆਲਾ ਮੁਖੀ ਬਣੀ ਹੋਈ ਸੀ। ਜਿਹੜੀ ਉਸ ਦੇ ਮੂੰਹੋਂ ਨਾ ਚਾਹੁੰਦਿਆਂ ਹੋਇਆਂ ਵੀ ਨਿਕਲ਼ ਗਈ ਸੀ।
-"ਆਪ ਤਾਂ ਤੂੰ ਜਿਹੜੀ ਮੂੰਹ ਕਾਲ਼ਸ ਲੈਣੀਂ ਸੀ-ਉਹ ਤਾਂ ਲੈ ਈ ਲਈ! ਤੂੰ ਤਾਂ ਸਾਨੂੰ ਵੀ ਕਿਸੇ ਪਾਸੇ ਮੂੰਹ ਦਿਖਾਉਣ ਜੋਕਰਾ ਨ੍ਹੀ ਛੱਡਿਆ? ਪਿੰਡ ਸੀ, ਤਾਂ ਤੇਰੀਆਂ ਘਤਿੱਤਾਂ ਲੋਟ ਨ੍ਹੀ ਆਈਆਂ-ਕੋਈ ਬਾਕੀ ਨ੍ਹੀ ਛੱਡੀ-ਜੇ ਪੈਲ਼ੀ ਫ਼ੂਕ ਕੇ ਤੈਨੂੰ ਬਾਹਰ ਭੇਜਿਆ-ਤੂੰ ਤਾਂ ਖੇਹ ਖਾਣ ਦੀ ਕਸਰ ਨ੍ਹੀ ਛੱਡੀ! ਸਾਰੇ ਪਿੰਡ 'ਚ ਬੂਅ-ਬੂਅ ਹੋਈ ਪਈ ਐ, ਲੋਕ ਸਾਡੇ ਮੂੰਹ 'ਚ ਉਂਗਲਾਂ ਦਿੰਦੇ, ਨਿੱਤ ਦਾਹੜ੍ਹੀ 'ਚ ਮੂਤਦੇ ਐ..!"
-"ਜਿਹੜੀ ਮੇਰੇ ਨਾਲ਼ ਬੀਤੀ, ਉਹ ਥੋੜ੍ਹੀ ਐ...? ਜਿਹੜੀ ਕਸਰ ਰਹਿੰਦੀ ਐ, ਉਹ ਹੁਣ ਤੁਸੀਂ ਪੂਰੀ ਕਰ ਲਓ...!" ਹਨੀ ਨੇ ਵੀ ਮੂੰਹ 'ਚੋਂ ਬੋਲਾਂ ਦਾ ਲਾਂਬੂ ਛੱਡਿਆ।
-"ਫੇਰ ਸਾਡੇ ਕੋਲ਼ੇ ਆਉਣ ਦੀ ਐਡੀ ਕੀ ਲੋੜ ਪੈ ਗਈ ਸੀ...? ਉਥੇ ਈ ਕਿਸੇ ਖੂਹ ਟੋਭੇ ਪੈ ਕੇ ਮਰ ਜਾਂਦੀ ਕੁਲਿਹਣੀਏਂ...! ਸਾਨੂੰ ਹੁਣ ਬੁੱਢੇ ਬਾਰੇ ਜਰੂਰ ਖੱਜਲ਼ ਕਰਨਾ ਸੀ...? ਦੁਨੀਆਂ ਸਾਡੇ ਮੂੰਹ ਛਿੱਤਰ ਦਿੰਦੀ ਐ, ਤੇਰੀ ਬੇੜੀ ਬਹਿਜੇ ਕੁਲੱਛਣੀਂ ਦੀ...!" ਬਾਪੂ ਘੋਰ ਦੁਖੀ, ਪਿੱਟਣ ਵਾਲ਼ਾ ਹੋਇਆ ਬੈਠਾ ਸੀ। ਉਸ ਨੇ ਵੀ ਤਰਕਾਂ ਦੇ ਅਗਨ-ਬਾਣ ਮਾਰ ਦਿੱਤੇ।
-"ਬਾਪੂ ਕਾਹਨੂੰ ਬਰੜਾਹਟ ਕਰਦੈਂ? ਇਹਦੇ ਹੈ ਨੀ ਡਮਾਕ 'ਚ ਕੁਛ ਪੈਣ ਵਾਲ਼ਾ...! ਲੋਕਾਂ ਦੀਆਂ ਧੀਆਂ ਭੈਣਾਂ ਬਾਹਰ ਜਾਦੀਐਂ-ਘਰ ਦਾ ਮੂੰਹ ਮੱਥਾ ਸੁਆਰ ਦਿੰਦੀਐਂ-ਕੁਲ਼ਾਂ ਤਾਰ ਦਿੰਦੀਐਂ!" ਬੁੱਕਣ ਨੇ ਆਪਣੀ 'ਭੜ੍ਹਾਸ' ਕੱਢੀ। ਉਹ ਸੂਣ ਵਾਲ਼ੀ ਮੱਝ ਵਾਂਗ ਕੁਝ ਆਖਣ ਲਈ ਕਦੋਂ ਦਾ 'ਵੱਟ' ਜਿਹਾ ਕਰ ਰਿਹਾ ਸੀ।
-"ਤੂੰ ਤਾਂ ਵਲੈਤ ਜਾ ਕੇ ਉਥੇ ਲੱਲ੍ਹਰ ਲਾਅਤਾ ਹੋਣੈਂ...? ਛੇੜ ਕੇ ਗੋਰੀ, ਜਲੀਲ ਹੋ ਕੇ ਈ ਨਿਕਲ਼ਿਐਂ ਉਥੋਂ...?" ਹਨੀ ਦੇ ਆਖਣ 'ਤੇ ਬੁੱਕਣ ਦਾ ਮੂੰਹ ਝੀਥ ਵਾਂਗ ਬੰਦ ਹੋ ਗਿਆ।
-"ਤੂੰ ਕੁੜੀਏ ਆਬਦਾ ਡਮਾਕ ਵਰਤਦੀ ਤੇ ਆਬਦਾ ਘਰ ਸਾਂਭਦੀ...!"
-"ਤੇ ਤੁਸੀਂ ਮੈਨੂੰ ਉਦੋਂ ਨਾ ਮੱਤ ਦਿੱਤੀ-ਜਦੋਂ ਥੋਨੂੰ ਲੱਖਾਂ ਰੁਪਈਏ ਆਉਂਦੇ ਸੀ...? ਉਦੋਂ ਤਾਂ ਮੈਂ ਬੜੀ ਸੋਨੇ ਦਾ ਆਂਡਾ ਦੇਣ ਵਾਲ਼ੀ ਕਮਾਊ ਧੀ ਸੀ...? ਹੁਣ ਮੈਨੂੰ ਉੱਜੜੀ ਨੂੰ ਤੁਸੀਂ ਮਾਰਦੇ ਓਂ ਤਾਹਨੇ ਤੇ ਤਰਕਾਂ...!" ਜਦੋਂ ਹਨੀ ਨੇ ਸਿੱਧੀ ਸੁਣਾਈ ਕੀਤੀ ਤਾਂ ਬੁੱਕਣ ਦਾ ਮੂੰਹ ਚਿਤੌੜਗੜ੍ਹ ਦੇ ਕਿਲ੍ਹੇ ਵਾਂਗ ਬੰਦ ਹੋ ਗਿਆ। ਉਸ ਨੇ ਪਿੱਛੋਂ ਨਜ਼ਰ ਹਟਾ ਕੇ ਸਿੱਧਾ ਸਲੋਟ ਸੜਕ 'ਤੇ ਦੇਖਣਾ ਸ਼ੁਰੂ ਕਰ ਦਿੱਤਾ। ਸੜਕ ਕਾਰ ਦੇ ਪਹੀਆਂ ਥੱਲੇ ਸਿਰਪੱਟ ਤਿਲ੍ਹਕਦੀ ਜਾ ਰਹੀ ਸੀ।
-"ਅਸੀਂ ਕਿਹੜਾ ਤੈਨੂੰ ਭੇਜਣ ਨੂੰ ਕਿਹਾ ਸੀ...? ਤੂੰ ਤਾਂ ਆਪ ਈ ਗੱਲੀਂ ਬਾਤੀਂ ਪੁੱਤ ਬਣ ਬਣ ਦਿਖਾਉਂਦੀ ਸੀ? ਅਖੇ ਮੈਂ ਥੋਡੀ ਧੀ ਨਹੀਂ, ਪੁੱਤ ਬਣ ਕੇ ਦਿਖਾਊਂਗੀ! ਲੈ, ਦਿਖਾ ਲੈ...! ਬਣ ਜਾਹ ਪੁੱਤ, ਸਾਡਾ ਘਰ ਭਰਦੀ ਭਰਦੀ ਤੂੰ ਤਾਂ ਆਬਦਾ ਵਸੇਬਾ ਵੀ ਉਜਾੜ ਲਿਆ-ਵਜਾਉਂਦੀ ਫਿਰ ਹੁਣ ਟੱਲੀਆਂ...!" ਬਾਪੂ ਨੰਗੇ ਸੱਚ ਤੋਂ ਮੁਨੱਕਰ ਹੋ ਗਿਆ ਸੀ।
-"ਤੇ ਤੁਸੀਂ ਮੈਨੂੰ ਕਦੇ ਰੋਕਿਆ ਵੀ ਹੈਨ੍ਹੀ ਸੀ ਬਈ ਪੈਸੇ ਨਾ ਭੇਜ਼...? ਕਿਹਾ ਸੀ ਕਦੇ ਬਈ ਤੂੰ ਆਬਦੇ ਘਰ ਬਾਰੇ ਸੋਚ? ਆਬਦੇ ਘਰੇ ਵਸੇਬਾ ਕਰ...! ਤੁਸੀਂ ਤਾਂ ਮੇਰੀ ਪੂਛ ਨੂੰ ਗੇੜਾ ਦੇਈ ਰੱਖਿਆ-ਅਸੀਂ ਤੰਗ ਐਂ ਜੀ! ਸਾਡਾ ਫ਼ਲਾਨਾ ਸੌਦਾ ਮਾਰਨ ਨੂੰ ਦਿਲ ਕਰਦੈ ਜੀ! ਅਸੀਂ ਤਾਂ ਪੈਲ਼ੀ ਦਾ ਸੌਦਾ ਮਾਰ ਲਿਐ ਜੀ-ਕਦੇ ਇਹ ਨ੍ਹੀ ਸੋਚਿਆ ਸੀ ਬਈ ਜੇ ਮੈਂ ਥੋਨੂੰ ਪੈਸੇ ਭੇਜੂੰ-ਤਾਂ ਆਬਦੇ ਘਰਵਾਲ਼ੇ ਤੋਂ ਚੋਰੀ ਈ ਭੇਜੂੰ? ਵਿਆਹ ਤੋਂ ਬਾਅਦ ਕੁੜੀ ਸਹੁਰਿਆਂ ਦੀ ਹੁੰਦੀ ਐ-ਨਾਂ ਕਿ ਥੋਡੇ ਅਰਗੇ ਲਾਲਚੀ ਪੇਕਿਆਂ ਦੀ..! ਉਦੋਂ ਨਾ ਮੈਨੂੰ ਕਿਹਾ ਬਈ ਨਾ ਭਾਈ, ਸਾਨੂੰ ਪੈਸੇ ਨਾ ਭੇਜੀਂ! ਆਬਦੇ ਘਰ ਬਾਰੇ ਸੋਚ! ਕੀ ਨ੍ਹੀ ਸੀ ਥੋਡੇ ਕੋਲ਼ੇ...?" ਉਹ ਬਘਿਆੜ੍ਹੀ ਵਾਂਗ ਕੁਦਾੜ ਕੇ ਆਈ।
-"ਤੇਰਾ ਵਿਆਹ ਨੀ ਕੀਤਾ...? ਹੁਣ ਹੀਂਜਰ ਹੀਂਜਰ ਆਉਨੀ ਐਂ...? ਜਿਹੜਾ ਚਾਰ ਲੱਖ ਤੇਰੇ ਬਿਆਹ 'ਤੇ ਲਾਇਐ, ਉਹੋ...? ਉਹ ਕਿਸੇ ਹਲ਼ਕ ਤਾਲੂਏ ਨਹੀਂ...?" ਬਾਪੂ ਨੇ ਉਸ ਨੂੰ ਹੀ ਦੋਸ਼ੀ ਠਹਿਰਾਇਆ।
-"ਤੁਸੀਂ ਕੋਈ ਅਨੋਖਾ ਲਾਇਐ? ਸਾਰੀ ਦੁਨੀਆਂ ਈ ਧੀਆਂ ਦੇ ਵਿਆਹਾਂ 'ਤੇ ਲਾਉਂਦੀ ਐ? ਮੇਰੇ 'ਤੇ ਕੋਈ ਅਲ੍ਹੈਹਦੇ ਲਾਏ ਐ ਤੁਸੀਂ? ਨਾ ਜੰਮਦੇ...! ਤੇ ਜੇ ਜੰਮੀ ਸੀ ਤਾਂ ਫੇਰ ਖਰਚਾ ਕਰਨ ਲੱਗੇ ਕਿਉਂ ਚੀਕਦੇ ਓਂ...? ਐਦੂੰ ਤਾਂ ਮੇਰਾ ਜੰਮਦੀ ਦਾ ਗਲ਼ ਦੱਬ ਦਿੰਦੇ...? ਐਡੀਆਂ ਤਕਲੀਫ਼ਾਂ ਤਾਂ ਨਾ ਦੇਖਣੀਆਂ ਪੈਂਦੀਆਂ...!"
-"..............।" ਕਿਸੇ ਨੂੰ ਕੋਈ ਉੱਤਰ ਨਾ ਔੜਿਆ। ਉਹ ਵਾੜ ਵਿਚ ਫ਼ਸੇ ਬਿੱਲੇ ਵਾਂਗ ਝਾਕ ਰਹੇ ਸਨ।
-"ਨਾਲ਼ੇ ਚਾਰ ਲੱਖ ਲਾ ਕੇ ਗਾਈ ਜਾਨੇ ਐਂ? ਕਿੰਨੇ ਚਾਰ ਲੱਖ ਭੇਜਤਾ ਮੈਂ ਥੋਨੂੰ...? ਉਹ ਕਿਸੇ ਦੇ ਯਾਦ ਈ ਨ੍ਹੀ? ਨ੍ਹਾ ਉਹ ਕਿਹੜੀ ਗੋਹਿਆਂ ਦੀ ਲੜਾਈ 'ਚ ਚਲਿਆ ਗਿਆ, ਇਹ ਤਾਂ ਦੱਸੋ...?" ਹਨੀ ਨੇ ਇਕ ਹੋਰ ਪੱਥਰ ਸੁੱਟ ਕੇ ਭਰਾ ਅਤੇ ਬਾਪੂ ਨੂੰ ਨਿਰੁੱਤਰ ਕਰ ਦਿੱਤਾ।
-"ਚੱਲ ਕੁੜੀਏ ਘਰ ਦੇ ਪੜਦੇ ਨੀ ਉਧੇੜੀਦੇ ਹੁੰਦੇ...! ਜਰੈਂਦ ਕਰੀਦੀ ਹੁੰਦੀ ਐ...!" ਬੁੱਕਣ ਪੀਤੀ ਵਿਚ ਵੀ ਸੰਭਲ਼ ਕੇ ਗੱਲ ਕਰ ਰਿਹਾ ਸੀ।
-"ਨਾਸੀਂ ਧੂੰਆਂ ਤਾਂ ਮੇਰੇ ਤੁਸੀਂ ਲਿਆਈ ਜਾਨੇ ਐਂ...? ਤੇ ਜਰੈਂਦ ਮੈਂ ਕਰਾਂ...? ਨਾਲ਼ੇ ਮੇਰਾ ਘਰ ਉਜੜ ਗਿਆ-ਨਾਲ਼ੇ ਤੁਸੀਂ ਗਲ਼ ਘੁੱਟਣ ਆਉਨੇ ਓਂ...? ਮੇਰੀ ਕੀਤੀ ਦਾ ਗੁਣ ਤਾਂ ਕਿਸੇ ਨੇ ਨਾ ਪਾਇਆ ਭਰਾਵਾ! ਪੈਸਾ ਖੋਟਾ ਆਪਣਾ ਬਾਣੀਏਂ ਨੂੰ ਕੀ ਦੋਸ਼...? ਕਸੂਰ ਤਾਂ ਸਾਰਾ ਮੇਰਾ ਆਪਣਾ ਸੀ...! ਮੈਂ ਤਾਂ ਐਸ਼ਾਂ ਕਰਦੀ ਸੀ, ਬੁੱਲੇ ਵੱਢਦੀ ਸੀ!"
-"ਤੂੰ ਕਿਹੜਾ ਕਦੇ ਆਬਦੇ ਘਰ ਦੀ ਗੱਲ ਦੱਸੀ ਸੀ...? ਜੇ ਸਾਨੂੰ ਸੱਚ ਦੱਸ ਦਿੰਦੀ, ਅਸੀਂ ਤੈਨੂੰ ਪੈਸਾ ਭੇਜਣ ਨੂੰ ਕਾਹਨੂੰ ਕਹਿੰਦੇ? ਤੂੰ ਈ ਹਿੱਕ ਥਾਪੜ ਥਾਪੜ ਕੇ ਕਹਿੰਦੀ ਹੁੰਦੀ ਸੀ; ਮੈਂ ਥੋਡੀ ਧੀ ਨ੍ਹੀ-ਥੋਡਾ ਪੁੱਤ ਐਂ ਬਾਪੂ-ਥੋਨੂੰ ਪੁੱਤ ਬਣ ਕੇ ਦਿਖਾਊਂ...! ਸਹੁਰੇ ਮੇਰੇ ਜੁੱਤੀ ਦੇ ਯਾਦ ਨ੍ਹੀ-ਥੋਡੇ ਜੁਆਈ ਨੂੰ ਮੈਂ ਡੱਕਾ ਨ੍ਹੀ ਸਮਝਦੀ...! ਤੂੰ ਈ ਇੰਦਰਾ ਗਾਂਧੀ ਬਣੀ ਵੀ ਸੀ-ਸਾਨੂੰ ਕੀ ਪਤਾ ਸੀ ਬਈ ਤੂੰ ਆਬਦਾ ਵੀ ਪੱਤਾ ਕਟਵਾਲੇਂਗੀ...?" ਬਾਪੂ ਨੇ ਠੁਣਾਂ ਹਨੀ ਸਿਰ ਹੀ ਭੰਨਿਆਂ।
ਗੱਡੀ ਆਪਣੀ ਪੂਰੀ ਰਫ਼ਤਾਰ ਨਾਲ਼ ਹਨ੍ਹੇਰੇ ਦਾ ਸੀਨਾਂ ਚੀਰਦੀ ਜਾ ਰਹੀ ਸੀ।
ਰਫ਼ਤਾਰ ਦੀ ਸੂਈ ਨਾਇਣ ਦੀ ਅੱਖ ਵਾਂਗ ਟਿਕੀ ਹੋਈ ਸੀ।
ਸਾਰੇ ਚੁੱਪ ਚਾਪ, ਪੱਥਰ ਬਣੇ ਬੈਠੇ ਸਨ।
ਜ਼ਿੰਦਗੀ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਘਟ ਜਾਂਦੀਆਂ ਹਨ, ਜਿਹਨਾਂ ਨੂੰ ਇਨਸਾਨ ਨੇ ਕਦੇ ਜ਼ਿੰਦਗੀ ਵਿਚ ਕਿਆਸਿਆ ਵੀ ਨਾ ਹੋਵੇ! ਜੀਵਨ ਵਿਚ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਹਨਾਂ ਬਾਰੇ ਤੁਸੀਂ ਨਾ ਕਿਸੇ ਨਾਲ਼ ਗੱਲ ਕਰ ਸਕਦੇ ਹੋ ਅਤੇ ਨਾ ਹੀ ਕਿਸੇ ਕੋਲ਼ ਉਸ ਦੀਆਂ ਪਰਤਾਂ ਫ਼ਰੋਲ਼ ਸਕਦੇ ਹੋ। ਆਦਮੀ ਦਾ ਅੰਦਰੂਨੀ ਜ਼ਖ਼ਮ ਅੰਦਰੋ ਅੰਦਰੀ ਹੀ ਕਿਸੇ ਨਾਸੂਰ ਦਾ ਰੂਪ ਧਾਰਨ ਕਰਦਾ ਰਹਿੰਦਾ ਹੈ। ਬੰਦਾ ਕਿਣਕਾ ਕਿਣਕਾ ਹੋ ਕੇ ਹਰ ਰੋਜ਼ ਮਰਦਾ ਹੈ ਅਤੇ ਇਕ ਨਾ ਇਕ ਦਿਨ ਰੱਬ ਨੂੰ 'ਪਿਆਰਾ' ਹੋ ਜਾਂਦਾ ਹੈ! ਉਸ ਨਾਲ਼ ਖ਼ਾਰ ਖਾਣ ਵਾਲ਼ੇ ਵੀ ਮਰਨ ਤੋਂ ਬਾਅਦ ਉਸ ਨੂੰ 'ਆਪਣਾ' ਗਰਦਾਨਦੇ ਹਨ ਅਤੇ ਬੇਹੂਦੇ ਗੁਣ ਗਾਇਨ ਕਰਦੇ ਰਹਿੰਦੇ ਹਨ। ਦੁਨੀਆਂ ਕੋਈ ਕਮਲ਼ੀ ਨਹੀਂ, ਜਿਹੜੀ ਗਰਮ-ਸਰਦ ਦਾ ਭੇਦ ਨਾ ਜਾਣੇ। ਪਰ ਹਰ ਕੋਈ 'ਹੋਊ-ਪਰੇ' ਕਰ ਕੇ ਡੱਕੇ ਭੰਨ ਲੈਂਦਾ ਹੈ।
ਹਨੀ ਦੇ ਚੁੱਪ ਦਿਮਾਗ ਵਿਚ ਵਿਚਾਰਾਂ ਨੇ ਯੁੱਧ ਛੇੜ ਦਿੱਤਾ।
-"ਬੇਦਿਮਾਗੀ ਤਾਂ ਮੈਂ ਸੀ ਬਾਪੂ...! ਜੀਹਨੇ ਥੋਡੇ ਮਗਰ ਲੱਗ ਕੇ ਆਪਣਾ ਘਰ ਪੱਟ ਲਿਆ...! ਰੰਨ ਗਈ ਨਾਲ਼ੇ ਕੰਨ ਪਾਟੇ ਰਾਂਝੇ ਦੱਸ ਪਿਆਰ 'ਚੋਂ ਖੱਟਿਆ ਕੀ, ਆਲ਼ੀ ਗੱਲ ਹੋਈ ਮੇਰੇ ਨਾਲ਼ ਤਾਂ...! ਤੁਸੀਂ ਸਾਰੇ ਈ ਸਿਆਣੇ ਸੀ...! ਕਮਲ਼ੀ ਤਾਂ ਮੈਂ ਸੀ-ਜਿਹੜੀ ਥੋਡੀਆਂ ਨਸੀਹਤਾਂ ਮਗਰ ਲੱਗੀ ਰਹੀ, ਤੇ ਆਪਣਾ ਘਰ ਬਰਬਾਦ ਕਰ ਲਿਆ...! ਥੋਨੂੰ ਪੁੱਤ ਬਣ ਕੇ ਦਿਖਾਉਂਦੀ ਦਿਖਾਉਂਦੀ ਤਾਂ ਮੈਂ ਆਪ ਘਰ ਘਾਟ ਦੀ ਨ੍ਹੀ ਰਹੀ-ਮੈਂ ਭੁੱਲ ਗਈ ਸੀ ਬਈ ਰੱਬ ਨੇ ਮੈਨੂੰ ਧੀ ਬਣਾਇਐ-ਔਰਤ ਬਣਾਇਐ...!"
ਹਨੀ ਦੀ ਸੋਚ ਅੰਦਰੋਂ ਉਧੜਨ ਲੱਗੀ; ਔਰਤ ਦੀ ਸਿਰਫ਼ ਪੇਕਿਆਂ ਪ੍ਰਤੀ ਹੀ ਨਹੀਂ, ਸਹੁਰਿਆਂ ਪ੍ਰਤੀ ਵੀ ਕੋਈ ਜ਼ਿੰਮੇਵਾਰੀ ਹੁੰਦੀ ਐ ਕਿ ਮੈਂ ਇਕ ਚੰਗੀ ਧੀ ਦੇ ਨਾਲ਼-ਨਾਲ਼ ਇਕ ਚੰਗੀ 'ਪਤਨੀ' ਤੇ 'ਨੂੰਹ' ਵੀ ਬਣ ਕੇ ਦਿਖਾਵਾਂ! ਨਾ ਕਿ ਰੱਬ ਦੀ ਕੁਦਰਤ ਦੇ ਖ਼ਿਲਾਫ਼ ਪੁੱਤ ਬਣ ਕੇ ਦਿਖਾਉਣ ਦਾ ਭਰਮ ਪਾਲ਼ਾਂ...! ਰੱਬ ਵੀ ਬੜਾ ਬੇਅੰਤ ਐ, ਉਹ ਇਨਸਾਨ ਨੂੰ 'ਆਨੇ' ਵਾਲ਼ੀ ਥਾਂ 'ਤੇ ਈ ਰੱਖਦੈ! ਜੇ ਬੰਦੇ ਦੇ ਦਿਲ ਦੀ ਹਰ ਗੱਲ ਪੂਰੀ ਹੁੰਦੀ ਹੋਵੇ, ਬੰਦਾ ਰੱਬ ਨੂੰ ਕਦੇ ਯਾਦ ਨਾ ਕਰੇ! ਪੁੱਤ ਬਣ ਕੇ ਦਿਖਾਉਣ ਦਾ ਭਰਮ ਮੇਰੀ ਜ਼ਿੰਦਗੀ ਦੀ ਇਕ ਬੜੀ ਵੱਡੀ ਭੁੱਲ ਸੀ...! ਮੈਨੂੰ ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿ ਕੇ ਇਕ ਚੰਗੀ ਧੀ, ਇਕ ਚੰਗੀ ਨੂੰਹ, ਇਕ ਚੰਗੀ ਪਤਨੀ ਅਤੇ ਇਕ ਚੰਗੀ ਇਮਾਨਦਾਰ ਔਰਤ ਬਣ ਕੇ ਰੱਬ ਦੇ ਕਾਨੂੰਨ ਦੇ ਅਨੁਸਾਰ ਤੁਰਨਾ ਚਾਹੀਦਾ ਸੀ! ਹੁਣ ਭੁਗਤੂੰ ਮੈਂ ਆਪੇ ਹੀ...! ਕੋਈ ਮੇਰਾ ਦੁੱਖ ਨਹੀਂ ਵੰਡਾਉਂਦਾ! ਹੁਣ ਇਹ ਸੰਤਾਪ ਤੈਨੂੰ ਆਪ ਹੀ ਭੁਗਤਣਾ ਪੈਣੈਂ ਹਨੀ! ਮੈਨੂੰ ਤਾਂ ਪਿਉ ਤੇ ਭਰਾ ਹੀ ਮੂੰਹੋਂ ਨਹੀਂ ਬੋਲਦੇ...? ਨਾਲ਼ੇ ਆਪਣੇ ਸਕੇ ਨੇ..! ਬਿਗਾਨੀਆਂ ਧੀਆਂ, ਭਰਜਾਈਆਂ ਪਤਾ ਨਹੀਂ ਕੀ-ਕੀ ਬਚਨ ਕਰਨਗੀਆਂ...? ਹਨੀ ਨੇ ਦਿਲ ਵਿਚ ਹੀ ਸੋਚਿਆ। ਸਰੀਰਕ ਪੱਖੋਂ ਉਹ ਸਿਲ਼ ਪੱਥਰ ਬਣੀ ਬੈਠੀ ਸੀ। ਸੋਚਾਂ ਦੇ ਸਾਗਰ ਵਿਚ ਰੁੜ੍ਹੀ ਹਨੀ ਦੀਆਂ ਸੋਚਾਂ ਦੀ ਘੋੜ ਦੌੜ ਪਿਛਲੇ ਸਮੇਂ ਨਾਲ਼ ਜਾ ਜੁੜੀ..! ਖਿਆਲ ਬੀਤੇ ਸਮੇਂ ਨਾਲ਼ ਹਾਣੀ ਬਣ ਰਲ਼ ਤੁਰੇ...!
ਸਿਵਚਰਨ ਜੱਗੀ ਕੁੱਸਾ
ਬਾਕੀ ਅਗਲੇ ਅੰਕ ...