ਅਕਤੂਬਰ / ਨਵੰਬਰ 2011 ਅੰਕ

ਅਕਤੂਬਰ / ਨਵੰਬਰ 2011 ਅੰਕ

Saturday 8 October 2011

ਨਿੰਦਰ ਘੁਗਿਆਣਵੀ

ਘਰ ਫੂਕ ਤਮਾਸ਼ਾ ਦੇਖਦੇ ਗਾਇਕਾਂ ਦੇ ਪ੍ਰਮੋਟਰ

ਨਿੰਦਰ ਘੁਗਿਆਣਵੀ
ਆਸਟ੍ਰੇਲੀਆ ਵਿੱਚ ਪੰਜਾਬ ਦੇ ਗਾਇਕ ਵਹੀਰਾਂ ਘੱਤ-ਘੱਤ ਕੇ ਆ ਰਹੇ ਨੇ। ਆਏ ਦਿਨ ਸ਼ੋਅ ਹੋ ਰਹੇ ਹਨ। ਗਿੱਪੀ ਗਰੇਵਾਲ, ਸ਼ੈਰੀ ਮਾਨ, ਨੀਰੂ ਬਾਜਵਾ ਤੇ ਗੀਤਾ ਜ਼ੈਲਦਾਰ ਦੇ ਸ਼ੋਅ ਹੋਏ। ਵਾਰਿਸ ਭਰਾਵਾਂ ਤੇ ਬੱਬੂ ਮਾਨ ਦੇ ਸ਼ੋਅ ਹੋ ਰਹੇ ਨੇ। ਜੈਜੀ ਬੈਂਸ ਆ ਰਿਹਾ ਹੈ। ਫਿਰ ਸਰਤਾਜ ਦੀ ਵਾਰੀ ਹੈ। ਫਿਰ ਦਿਲਜੀਤ ਤੇ ਹਨੀ ਸਿੰਘ ਦੀ ਤੇ ਉਸ ਬਾਅਦ ਗੁਰਪ੍ਰੀਤ ਘੁੱਗੀ, ਨਛੱਤਰ ਗਿੱਲ ਤੇ ਸਿੱਪੀ ਗਿੱਲ ਆ ਰਹੇ ਹਨ। ਆਸਟ੍ਰੇਲੀਆ ਵਿੱਚ ਗਾਇਕਾਂ ਦੀ ਬੱਲੇ-ਬੱਲੇ ਹੈ ਪਰ ਪ੍ਰਮੋਟਰਾਂ ਵੱਲ ਦੇਖ ਕੇ ਤਰਸ ਜਿਹਾ ਆਇਆ ਹੈ। ਇਸੇ ਬਹਾਨੇ ਪਾਠਕਾਂ ਨਾਲ ਕੁਝ ਗੱਲਾਂ ਕਰਨ 'ਤੇ ਦਿਲ ਕਰ ਆਇਆ ਹੈ।
ਪਹਿਲਾ ਸੁਆਲ ਮਨ ਵਿੱਚ ਇਹ ਪੈਦਾ ਹੁੰਦਾ ਹੈ ਕਿ ਇਹ ਸਾਰੇ ਆਸਟ੍ਰੇਲੀਆ ਵੱਲ ਹੀ ਕਿਉਂ ਵਹੀਰਾਂ ਘੱਤੀ ਆ ਰਹੇ ਨੇ? ਕੀ ਆਸਟ੍ਰੇਲੀਆ ਦੇ ਲੋਕਾਂ ਕੋਲ ਬਹੁਤੇ ਪੈਸੇ ਹਨ? ਕੀ ਖੁੱਲ੍ਹਾ ਵਕਤ ਵੀ ਹੈ? ਕੀ ਹਰ ਹਫ਼ਤੇ ਉਹ ਉਪਰੋ-ਥੱਲੀ ਹੋ ਰਹੇ ਗਾਇਕਾਂ ਨੂੰ ਸੁਣਨ ਜਾ ਸਕਣ ਦੇ ਸਮਰੱਥ ਵੀ ਹਨ, ਸੌ-ਸੌ ਡਾਲਰਾਂ ਦੀਆਂ ਟਿਕਟਾਂ ਲੈ ਕੇ? ਜਿਵੇਂ ਕਿ ਆਸਟ੍ਰੇਲੀਆ ਵਿੱਚ ਬਹੁਤੇ ਨੌਜੁਆਨ ਮੁੰਡੇ-ਕੁੜੀਆਂ ਵਿਦਿਆਰਥੀ ਵੀਜ਼ਿਆ 'ਤੇ ਗਏ ਹੋਏ ਨੇ, ਉਹ ਸਖ਼ਤ ਮਿਹਨਤ ਕਰਦੇ ਹਨ। ਪੜ੍ਹਦੇ ਵੀ ਹਨ ਤੇ ਕੰਮ ਵੀ ਕਰਦੇ ਹਨ। ਆਪਣੇ ਖਰਚੇ ਵੀ ਕੱਢਦੇ ਹਨ ਤੇ ਪਿੱਛੇ ਇੰਡੀਆ ਪੈਸੇ ਵੀ ਭੇਜਦੇ ਹਨ ਤੇ ਉਪਰੋਂ ਪੱਕੇ ਹੋਣ ਦੇ ਨਿਯਮਾਂ ਵਿੱਚ ਆਈਆਂ ਭਾਰੀ ਤਬਦੀਲੀਆਂ ਕਾਰਨ ਹਾਲੇ ਉਹ ਨਾ ਏਧਰ ਦੇ ਹਨ ਤੇ ਨਾਂ ਓਧਰ ਦੇ ਹਨ। ਕੀ ਇਹ ਪੰਜਾਬੀ ਮੁੰਡੇ-ਕੁੜੀਆਂ ਏਨੇ ਪੈਸੇ ਖਰਚਣ ਦੇ ਸਮਰੱਥ ਹਨ? ਇਹ ਸਾਰੇ ਸੁਆਲ ਮਨ ਵਿੱਚ ਖ਼ਲਲ ਪਾਉਣ ਲੱਗੇ। ਸਭ ਤੋਂ ਵੱਡਾ ਤੇ ਅਹਿਮ ਸੁਆਲ ਸੀ ਕਿ ਕੀ ਪ੍ਰਮੋਟਰਾਂ ਦੇ ਹੱਥ ਪੱਲੇ ਵੀ ਕੁਝ ਪੈਂਦਾ ਹੈ, ਜਾਂ ਫਿਰ ਉਹ ਆਪਣੀ ਫ਼ੋਕੀ ਵਾਹ-ਵਾਹ ਹਾਸਲ ਕਰਨ ਲਈ ਘਰ ਫੂਕ ਤਮਾਸ਼ਾ ਦੇਖਦੇ ਹਨ?
ਆਪਣੀ ਇਸ ਆਸਟ੍ਰੇਲੀਆ ਯਾਤਰਾ ਸਮੇਂ ਉਥੋ ਦੇ ਕੁਝ ਪ੍ਰਮੋਟਰਾਂ ਨੂੰ ਮਿਲਣ ਤੇ ਗਾਇਕਾਂ ਦੇ ਸ਼ੋਅ ਦੇਖਣ ਤੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ
ਹੈ। ਜਿਹੜੀ ਗੱਲ ਉੱਭਰ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਬਹੁਤੇ ਪ੍ਰਮੋਟਰ ਤਾਂ ਗਾਇਕਾਂ ਦੇ ਮੋਹ ਜਾਲ ਵਿੱਚ ਫਸ ਕੇ ਆਪਣਾ ਝੁੱਗਾ ਚੌੜ ਕਰਵਾ ਬੈਠੇ ਹਨ। ਉਹ ਗਾਇਕਾਂ ਦੀ ਕਲਾ ਦੇ ਸ਼ੈਦਾਈ ਹੋ ਗਏ ਅਤੇ ਉਹਨਾਂ ਦੇ ਸ਼ੋਅ ਖ਼ਰੀਦ ਬੈਠੇ। ਮੈਂ ਦੇਖਿਆ ਕਿ ਗਾਇਕਾਂ ਦੀ ਆਓ-ਭਗਤ ਕਰਨ ਵਿੱਚ ਤੇ ਉਹਨਾਂ ਨੂੰ ਆਪਣੀਆਂ ਅੱਖਾਂ ਦੀਆਂ ਪਲਕਾਂ ਉੱਤੇ ਬਿਠਾਉਣ ਲਈ ਇਹ ਪ੍ਰਮੋਟਰ ਕੋਈ ਕਸਰ ਬਾਕੀ ਨਹੀਂ ਛੱਡਦੇ। ਪਹਿਲੀ ਗੱਲ, ਮਾੜੇ ਤੋਂ ਮਾੜੇ ਗਾਇਕ ਦਾ ਇੱਕ ਸ਼ੋਅ ਪ੍ਰਮੋਟਰ ਨੂੰ ਲੱਗਭਗ ਪੰਜਾਹ ਹਜ਼ਾਰ ਡਾਲਰ (ਭਾਰਤੀ ਕ੍ਰੰਸੀ ਪੱਚੀ ਲੱਖ ਰੁਪੈ) ਵਿੱਚ ਪੈ ਜਾਂਦਾ ਹੈ। ਜਦ ਗਾਇਕ ਏਅਰਪੋਰਟ 'ਤੇ ਉਤਰਦਾ ਹੈ ਤਾਂ ਪ੍ਰਮੋਟਰ ਮਹਿੰਗੀਆਂ ਤੋਂ ਮਹਿੰਗੀਆਂ ਕਾਰਾਂ (ਲਿਮੋਜ਼ੀਨ, ਲੈਂਬਰ ਗਿੰਨੀ ਅਤੇ ਹਮਰ) ਵਿੱਚ ਗਾਇਕਾਂ ਨੂੰ ਲੈਣ ਲਈ ਜਾਂਦੇ ਹਨ। ਫਾਈਵ ਸਟਾਰ ਹੋਟਲਾਂ ਵਿੱਚ ਉਹਨਾਂ ਦਾ ਉਤਾਰਾ ਕਰਵਾਉਂਦੇ ਹਨ। ਇਹ ਗਗਨਚੁੰਬੀ ਹੋਟਲ ਕਿਸੇ ਸਮੁੰਦਰੀ ਕਿਨਾਰੇ ਜਾਂ ਸ਼ਹਿਰ ਦੀ ਹਿੱਕ 'ਤੇ ਵਹਿ ਰਹੀ ਕਿਸੇ ਬੀਚ ਕੰਢੇ ਬਣੇ ਹੁੰਦੇ ਹਨ। ਮਹਿੰਗੀ ਤੋਂ ਮਹਿੰਗੀ ਥਰੀ ਕੋਰਸ ਕੋਜ਼ੀਨ ਦਾ ਖਾਣਾ ਤਿੰਨ ਵਕਤ ਖੁਵਾਉਣਾ ਤੇ ਗਾਇਕਾਂ ਦੇ ਨਾਲ ਆਏ (ਘੱਟੋ ਘੱਟ 12 ਤੋਂ 18) ਸਾਜ਼ੀਆਂ ਦੇ ਨਿੱਜੀ ਚਾਅ ਵੀ ਪੂਰੇ ਕਰਨੇ, ਜਿਵੇਂ ਕਿ ਸਿਡਨੀ ਦੇ ਕਿੰਗਜ਼ ਕਰੌਸ ਇਲਾਕੇ ਵਿੱਚ ਮਨ-ਲੁਭਾਊ ਨਜ਼ਾਰਿਆਂ ਦਾ ਅਨੰਦ ਲੈਣਾ, ਕਈ-ਕਈ ਮੰਜ਼ਿਲੇ ਵੈੱਸਟ ਫ਼ੀਲ਼ਡ ਸ਼ੌਪਿੰਗ ਸੈਂਟਰਾਂ ਵਿੱਚ ਜਾ ਕੇ ਖ਼ਰੀਦੋ-ਫਰੋਖ਼ਤ ਅਤੇ ਸਮੁੰਦਰ ਦੀ ਹਿੱਕ 'ਤੇ ਸੱਪ ਵਾਂਗ ਮੇਲਦੇ ਅਗਨ ਬੋਟਾਂ (ਕਰੂਜ਼ਾਂ) ਵਿੱਚ ਝੂਟੇ ਦਿਵਾਉਣੇ ਅਤੇ ਭੁੰਨੇ ਲਜੀਜ਼ ਸਮੁੰਦਰੀ ਕੇਕੜਿਆਂ ਦਾ ਮਜ਼ਾ ਚਖਾਉਣਾ। ਆਸਟ੍ਰੇਲੀਆ ਦੇ ਕੁਦਰਤੀ ਨਜ਼ਾਰਿਆਂ ਦੀਆਂ ਗੋਦਾਂ ਵਿੱਚ ਵੱਸੇ ਫ਼ਾਰਮ ਹਾਊਸਾਂ ਦੀ ਸੈਰ ਕਰਾਵਉਣਾ, ਬਲਿਯੂ ਮੌਨਟੇਨਜ਼ ਵਰਗੀਆਂ ਪਰਬਤੀ ਚੋਟੀਆਂ (ਨੀਲੀਆਂ ਪਹਾੜੀਆਂ) 'ਤੇ ਘੁਮਾਉਣਾ-ਫਿਰਾਉਣਾ ਆਦਿਕ ਮੁੱਖ ਹਨ।
ਮੈਂ ਦੇਖਿਆ ਕਿ ਬਹੁਤੇ ਪ੍ਰਮੋਟਰ ਸਥਾਨਕ ਪ੍ਰੈੱਸ ਨੂੰ ਗਾਇਕਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਬੁਲਾ ਕੇ ਜਿਵੇਂ ਪ੍ਰੈੱਸ 'ਤੇ ਕੋਈ ਅਹਿਸਾਨ ਕਰ ਰਹੇ ਹੋਣ ਕਿ ਆਹ ਦੇਖੋ ਪ੍ਰੈੱਸ ਵਾਲਿਓ, ਅਸਾਂ ਏਡਾ ਵੱਡਾ ਗਾਇਕ ਸੱਦਿਆ ਹੈ! ਇੱਕ ਹੋਰ ਗੱਲ ਸਾਹਮਣੇ ਆਈ ਕਿ ਚੰਗੇ ਰੈਸਟੋਰੈਂਟਾਂ ਦੇ ਮਾਲਕ ਪ੍ਰਮੋਟਰਾਂ ਨੂੰ ਗੰਢ ਲੈਂਦੇ ਹਨ ਕਿ ਸਾਡੇ ਰੈਸਟੋਰੈਂਟ 'ਤੇ ਆਪਣੇ ਬੁਲਾਏ ਗਾਇਕ ਨੂੰ ਲਿਆਓ, ਉਹ ਪ੍ਰਮੋਟਰ ਨੂੰ ਪੱਲਿਓਂ ਪੈਸੇ ਇਸ ਲਈ ਦਿੰਦੇ ਹਨ ਕਿ ਉਹਨਾਂ ਦੇ ਰੈਸਟੋਰੈਂਟ 'ਤੇ ਗਾਇਕ ਦੇ ਆਉਣ ਕਾਰਨ ਉਸਦੇ ਰੈਸਟੋਰੈਂਟ ਦੀ ਠੁੱਕ ਬੱਝ ਜਾਵੇਗੀ। ਦੂਜੇ ਪਾਸੇ ਕੁਝ ਅਜਿਹੇ ਰੈਸਟੋਰੈਟਾਂ ਵਾਲੇ ਦੇਖੇ, ਜੋ ਗਾਇਕ ਨੂੰ ਬੁਲਾਉਂਦੇ ਹਨ ਤੇ ਵੀਹ-ਵੀਹ ਡਾਲਰ ਦਾ ਖਾਣਾ ਦੌ-ਦੌ ਸੌ ਡਾਲਰ ਵਿੱਚ ਸੱਦ ਕੇ ਲੋਕਾਂ ਨੂੰ ਖੁਵਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਸਾਡੇ ਰੈਸਰਟੋਰੈਂਟ ਵਿਚ ਆਓ, ਗਾਇਕ ਨਾਲ ਫ਼ੋਟੋ ਖਿਚਵਾਓ! ਆਟੋਗ੍ਰਾਫ਼: ਲਓ। ਇੰਝ ਇਹਨਾਂ ਦਾ ਵੀ ਚੰਗਾਾ ਤੋਰੀ-ਫੁਲਕਾ ਬਣ ਜਾਂਦਾ ਹੈ।
ਪ੍ਰਮੋਟਰਾਂ ਦੇ ਘਰ ਫੂਕ ਤੇ ਤਮਾਸਾ ਦੇਖਣ ਵਾਲੀ ਗੱਲ ਵਾਰ-ਵਾਰ ਮੇਰੇ ਮਨ ਵਿੱਚ ਖੌਰੂ ਪਾਉਂਦੀ ਰਹੀ। ਮੈਨੂੰ ਕਈ ਪ੍ਰਮੋਟਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਇਉਂ ਉਹਨਾਂ ਦੇ ਵਿਚਾਰ ਬੜੀ ਨੇੜਿਓਂ ਜਾਣੇ ਹਨ। ਇੱਕ ਨੇ ਕਿਹਾ ਕਿ ਪੱਲਿਓਂ ਪੈਸੇ ਖਰਚ ਕੇ ਆਪਣੇ ਭਾਈਚਾਰੇ ਵਿੱਚ ਪੱਿਸੱਧੀ ਪ੍ਰਾਪਤ ਕਰਨ ਦਾ ਇਹ ਇੱਕ ਵਧੀਆ ਢੰਗ ਹੈ। ਮੈਂ ਹੈਰਾਨੀ ਨਾਲ ਪੁੱਛਿਆ ਕਿ ਕਿਉਂ? ਅਜਿਹੀ ਪੱਿਸੱਧੀ ਤੋਂ ਕੀ ਖੱਟਿਆ? ਤਾਂ ਉਸਦਾ ਕਥਨ ਸੀ ਕਿ ਗਾਇਕ ਦੇ ਮੂੰਹੋ ਆਪਣਾ ਨਾਂ ਸੁਣ ਕੇ ਉਸਨੂੰ ਜੋ ਲੁਤਫ਼ ਆਉਂਦਾ ਹੈ, ਉਹ ਲੁਤਫ਼ ਉਸਨੂੰ ਆਪਣੀ ਪੱਤਨੀ ਦੇ ਮੂੰਹੋਂ ਉਸਦਾ ਨਾਂ ਸੁਣ ਕੇ ਭੋਰਾ ਵੀ ਨਹੀਂ ਆਉਂਦਾ। ਮੈਂ ਬਹੁਤ ਹੈਰਾਨ ਹੋਇਆ, ਇੱਕ ਹੋਰ ਪ੍ਰਮੋਟਰ ਸੱਜਣ ਦੀ ਇਹ ਗੱਲ ਸੁਣ ਕੇ। ਜਦ ਉਸਨੇ ਨੇ ਆਖਿਆ ਕਿ ਉਹ ਸਾਲ ਭਰ ਦਿਹਾੜੀਆਂ ਲਾ ਕੇ ਜੋ ਵੀ ਬੱਚਤ ਕਰਦਾ ਹੈ, ਉਹ ਬੱਚਤ ਇੱਕ ਗਾਇਕ ਦਾ ਸ਼ੋਅ ਕਰਵਾ ਕੇ ਤਿੰਨ ਘੰਟਿਆਂ ਵਿੱਚ ਰੋੜ੍ਹ ਦਿੰਦਾ ਹੈ। ਗੱਲੀਂ-ਗੱਲੀਂ ਪਤਾ ਚੱਲਿਆ ਕਿ ਕੁਝ ਪ੍ਰਮੋਟਰ ਤਾਂ ਆਪਣਾ ਘਰ ਬਹੁਤ ਬੁਰੀ ਤਰਾਂ ਉਜਾੜ ਚੁੱਕੇ ਹਨ, ਉਹਨਾਂ ਕੇਵਲ ਆਰਥਿਕ ਘਾਟਾ ਨਹੀਂ ਖਾਧਾ, ਸਗੋਂ ਪੱਤਨੀਆਂ ਰੁੱਸ ਗਈਆਂ ਤੇ ਨੌਬਤ ਤਲਾਕਾਂ ਤੱਕ ਆ ਪੁੱਜੀ। ਉਹ ਪ੍ਰਮੋਟਰ ਹੁਣ ਵਕਤ ਨੂੰ ਝੂਰ ਰਹੇ ਹਨ, ਨਾ ਘਰ ਦੇ ਰਹੇ ਤੇ ਨਾ ਘਾਟ ਦੇ । ਗਾਇਕ ਆਪਣੇ ਲੱਖਾਂ ਰੁਪਏ ਬਟੋਰ ਕੇ ਅਹੁ ਗਏ ਅਹੁ ਗਏ!
ਇਸ ਲੇਖ ਨੂੰ ਸਮੇਟਣ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਅੱਖੀਂ ਡਿੱਠੀ ਇੱਕ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਜਿੱਥੇ ਕੁਝ ਪ੍ਰਮੋਟਰ ਆਪਣਾ ਘਰ ਫੂਕ ਕੇ ਤਮਾਸ਼ਾ ਦੇਖਦੇ ਹਨ, ਉਥੇ ਕੁਝ ਪ੍ਰਮੋਟਰ ਲੋਕਾਂ ਦਾ ਘਰ ਫੂਕ ਆਪਣਾ ਮਹੱਲ ਕਿਵੇਂ ਉਸਾਰਦੇ ਹਨ, ਤੁਸੀ ਇਸ ਘਟਨਾ ਤੋਂ ਬੜੀ ਸੌਖ ਨਾਲ ਅੰਦਾਜ਼ਾ ਲਗਾ ਸਕਦੇ ਹੋ। ਇੱਕ ਸ਼ਾਮ ਮੈਂ ਆਪਣੇ ਦੋਸਤ ਅਮਰਜੀਤ ਖੇਲਾ ਦੇ ਕਾਲਜ ਵਿੱਚ ਬੈਠਾ ਸਾਂ ਕਿ ਉਹਨਾਂ ਮੈਨੂੰ ਉਹਨਾਂ ਪਾਸ ਆਏ ਇੱਕ ਨੌਜਵਾਨ ਸੱਜਣ ਨਾਲ ਮਿਲਵਾਉਂਦਿਆ ਦੱਸਿਆ ਕਿ ਇਹ ਸੱਜਣ ਚੌਥ ਨੂੰ ਬੱਬੂ ਮਾਨ ਦਾ ਸ਼ੋਅ ਸਿਡਨੀ ਵਿੱਚ ਕਰਵਾ ਰਹੇ ਹਨ ਤੇ ਆਪਾਂ ਨੂੰ ਉਸ ਸ਼ੋਅ ਲਈ ਸੱਦਾ ਅਤੇ ਟਿਕਟਾਂ ਦੇਣ ਲਈ ਆਏ ਹਨ। ਦੇਖਣ ਨੂੰ ਉਹ ਨੌਜਵਾਨ ਬੜਾ ਹੀ ਭੋਲਾ-ਭਾਲਾ, ਮਲੂਕੜਾ ਜਿਹਾ ਤੇ ਚੁੱਪ-ਚਾਪ ਸੀ। ਜਦ ਉਸਨੇ ਜਾਣ-ਪਛਾਣ ਦੌਰਾਨ ਮੈਨੂੰ ਦੱਸਿਆ ਕਿ ਉਹ ਪੰਜਾਬ ਤੋਂ ਇੱਕ ਫਲਾਣੇ ਸਾਹਿਤਕ ਪਰਿਵਾਰ ਨਾਲ ਸਬੰਧਤ ਹੈ ਤਾਂ ਮੈਂ ਬੜਾ ਹੀ ਖੁਸ਼ ਹੋਇਆ, ਕਿਉਂਕਿ ਮੈਂ ਤਾਂ ਉਸ ਪਰਿਵਾਰ ਦੇ ਵੀ ਬਹੁਤ ਨੇੜੇ ਸਾਂ ਤੇ ਹੁਣ ਵੀ ਹਾਂ। ਜਦ ਉਸਨੂੰ ਇਸ ਨੇੜਤਾ ਦਾ ਪਤਾ ਚੱਲਿਆ, ਤਾਂ ਉਹ ਕਹਿਣ ਲੱਗਾ ਕਿ ਮੇਰੇ ਡੈਡੀ ਜੀ ਅਤੇ ਲੰਡਨ ਰਹਿੰਦੇ ਅੰਟੀ ਜੀ ਵੀ ਆਪ ਦਾ ਅਕਸਰ ਹੀ ਜ਼ਿਕਰ ਕਰਦੇ ਰਹਿੰਦੇ ਹਨ। ਇਹ ਸਭ ਕੁਝ ਜਾਣ ਕੇ ਤੇ ਸੁਣ ਕੇ ਮੈਨੂੰ ਉਸ ਨਾਲ ਇਸ ਗੱਲ ਦੀ ਹਮਦਰਦੀ ਜਿਹੀ ਜਾਗ ਪਈ ਕਿਉਂਕਿ ਮੇਰੇ ਮਿੱਤਰਾਂ ਦੇ ਦੱਸਣ ਅਨੁਸਾਰ ਕਿ ਉਸ ਵੱਲੋਂ ਕਰਵਾਏ ਜਾ ਰਹੇ ਬੱਬੂ ਮਾਨ ਦੇ ਇਸ ਸ਼ੋਅ ਦੀ ਚਰਚਾ ਤੇ ਪ੍ਰਸਿੱਧੀ ਸ਼ਹਿਰ ਵਿੱਚ ਬਹੁਤ ਘੱਟ ਹੋਈ ਸੀ। ਮੈਨੂੰ ਖ਼ਦਸ਼ਾ ਹੋਇਆ ਕਿ ਹੋ ਸਕਦੈ ਕਿ ਕਿਤੇ ਇਸ ਨੌਜਵਾਨ ਮਿੱਤਰ ਨੂੰ ਚੋਖਾ ਚੂਨਾ ਹੀ ਨਾ ਲੱਗ ਜਾਵੇ। ਇਸ ਲਈ ਇਸ ਦੀ ਵੱਧ ਤੋ ਵੱਧ ਮੱਦਦ ਕਰ ਕੇ ਸ਼ੋਅ ਨੂੰ ਕਾਮਯਾਬ ਕਰ ਦੇਈਏ। ਮੇਰੀ ਇਸ ਫ਼ਿਕਰਮੰਦੀ ਨਾਲ ਸਹਿਮਤ ਹੁੰਦੇ ਹੋਏ ਖੇਲਾ ਜੀ ਨੇ ਆਪਣੇ ਸਾਰੇ ਸਟਾਫ਼ ਨੂੰ ਕੋਲ ਸੱਦਿਆ ਤੇ ਕਿਹਾ ਕਿ ਤੁਰੰਤ ਹੀ ਆਪਣੇ ਕਾਲਜ ਦੇ ਸਾਰੇ ਵਿਦਿਆਰਥੀਆਂ ਨੂੰ ਈਮੇਲਾਂ ਕਰ ਦਿਓ ਕਿ ਉਹ ਇਸ ਸ਼ੋਅ 'ਤੇ ਜ਼ਰੂਰ ਪੁੱਜਣ, ਉਹਨਾਂ ਨੂੰ ਕਿਫ਼ਾੲਤੀ ਮੁੱਲ 'ਤੇ ਟਿਕਟਾਂ ਦਿੱਤੀਆਂ ਜਾਣਗੀਆਂ। ਉਸ ਨੌਜਵਾਨ ਪ੍ਰਮੋਟਰ ਨੇ ਕਿਹਾ ਕਿ ਉਹ ਸਵੇਰ ਨੂੰ ਬਹੁਤ ਜਲਦੀ ਆਣ ਕੇ ਸ਼ੋਅ ਦੀਆਂ ਟਿਕਟਾਂ ਦੇ ਜਾਵੇਗਾ। ਈਮੇਲਾਂ ਪੜ੍ਹ ਕੇ, ਟਿਕਟਾਂ ਲੈਣ ਲਈ ਵਿਦਿਆਰਥੀ ਸ੍ਰੋਤਿਆਂ ਦੀਆਂ ਕਤਾਰਾਂ ਬੱਝਣ ਲੱਗੀਆਂ। ਪ੍ਰੰਤੂ ਖੇਲਾ ਵੱਲੋਂ ਉਸ ਨੌਜਵਾਨ ਪ੍ਰਮੋਟਰ ਨੂੰ ਵਾਰ-ਵਾਰ ਫ਼ੋਨ ਕਰਨ 'ਤੇ ਵੀ ਉਹ ਟਿਕਟਾਂ ਦੇਣ ਲਈ ਨਾ ਆਇਆ। ਖੈ:ਰ! ਦੂਜੇ ਦਿਨ ਉਹਨੇ ਟਿਕਟਾਂ ਕਿਸੇ ਦੇ ਹੱਥੀਂ ਭੇਜ ਦਿੱਤੀਆਂ।
ਸ਼ੋਅ ਹੋਣ ਵਿੱਚ ਇੱਕ ਦਿਨ ਬਾਕੀ ਰਹਿ ਗਿਆ ਸੀ। ਵਿਦਿਆਰਥੀ ਟਿਕਟਾਂ ਲੈ ਗਏ ਸਨ। ਉਸੇ ਦਿਨ ਸ਼ਾਮ ਨੂੰ ਬੱਬੂ ਮਾਨ ਦੇ ਮੁੱਖ ਪ੍ਰਮੋਟਰ ਬੌਬੀ ਗਿੱਲ ਦਾ ਫ਼ੋਨ ਆਇਆ। ਬੌਬੀ ਬਹੁਤ ਹੀ ਮਿਲਣ ਸਾਰ, ਪੜ੍ਹਿਆ ਲਿਖਿਆ ਅਤੇ ਤਹਿਜ਼ੀਬ ਵਾਲਾ ਦੋਸਤ ਹੈ। ਉਹ ਬਹੁਤ ਹੀ ਉਦਾਸਮਈ ਸੁਰ ਵਿੱਚ ਦੱਸਣ ਲੱਗਿਆ ਕਿ ਬੱਬੂ ਮਾਨ ਵਾਲਾ ਸ਼ੋਅ ਮੁਲਤਵੀ ਇਸ ਲਈ ਹੋ ਗਿਆ ਹੈ ਕਿਉਕਿ ਉਸ ਨੌਜਵਾਨ ਪ੍ਰਮੋਟਰ ਨੇ ਹਾਲ ਵਾਲਿਆਂ ਨੂੰ ਪੈਸੇ ਹੀ ਅਦਾ ਨਹੀਂ ਕੀਤੇ ਹਨ ਤੇ ਹੁਣ ਖੜ੍ਹੇ ਪੈਰ ਕੋਈ ਵੀ ਹਾਲ ਸਿਡਨੀ ਭਰ ਵਿੱਚ ਨਹੀਂ ਮਿਲ ਸਕਦਾ। ਉਸਨੇ ਕਿਹਾ ਕਿ ਹੁਣ ਕੀ ਕੀਤਾ ਜਾਵੇ? ਇਸ ਬਾਰੇ ਵਿਚਾਰ ਕਰਨੀ ਹੈ ਤੇ ਤੁਸੀਂ ਫਟਾ-ਫਟ ਹੋਟਲ ਵਿੱਚ ਆਓ। ਮੈਂ ਅਤੇ ਖੇਲਾ ਭਰਾ ਉਥੇ ਪੁੱਜ ਗਏ। ਸਾਰੇ ਸਾਜ਼ੀਆਂ ਤੇ ਬੱਬੂ ਮਾਨ ਦੇ ਮੈਨੇਜਰਾਂ ਦੇ ਚਿਹਰੇ ਉੱਤਰੇ ਹੋਏ ਸਨ। ਉਹ ਨੌਜਵਾਨ ਪ੍ਰਮੋਟਰ ਕਮਰੇ ਦੀ ਇੱਕ ਨੁੱਕਰੇ ਲੱਗਾ ਖਲੋਤਾ ਆਪਣੇ ਮੋਬਾਇਲ ਫ਼ੋਨ ਤੋਂ ਕਿਸੇ ਨੂੰ ਸੁਨੇਹਾ ਲਿਖ ਰਿਹਾ ਸੀ। ਉਹ ਬੜਾ ਸ਼ਾਂਤ ਤੇ ਠੰਢਾ ਸੀ। ਉਸ ਨੂੰ ਕੁਝ ਵੀ ਪੁੱਛਿਆ ਜਾਂਦਾ ਤਾਂ ਉਹ ਧੌਣ ਹੇਠਾਂ ਨੂੰ ਸੁੱਟ ਲੈਂਦਾ। ਕੁਝ ਵੀ ਨਾ ਬੋਲਦਾ। ਉਸ ਨੇ ਅਮਰਜੀਤ ਖੇਲਾ ਦੇ ਫੋ:ਨ 'ਤੇ ਸੁਨੇਹਾ ਲਿਖਿਆ ਕਿ ਭਾਜੀ ਔਖੇ ਸੌਖੇ ਮੈਨੂੰ ਇਹਨਾਂ ਵਿੱਚੋਂ ਕੱਢ ਕੇ ਲੈ ਜਾਓ...ਮੇਰਾ ਇੱਥੇ ਸਾਹ ਘੁੱਟ ਰਿਹਾ ਹੈ। ਮੈਨੂੰ ਉਸ 'ਤੇ ਫਿਰ ਤਰਸ ਆਇਆ ਕਿ ਇਹ ਕਸੂਤਾ ਫਸ ਗਿਆ ਲੱਗਦਾ ਹੈ। ਪਰ ਥੋੜ੍ਹੀ ਦੇਰ ਬਾਅਦ ਜਦ ਬਿੱਲੀ ਥੈਲੇ ਵਿੱਚੋ ਬਾਹਰ ਆਈ ਤਾਂ ਪਤਾ ਲੱਗਿਆ ਕਿ ਇਸ ਨੇ ਤਾਂ ਸਭ ਨੂੰ ਫਸਾ ਲਿਆ ਹੈ! ਦੋ ਵਿਦਿਆਰਥੀ ਹੋਟਲ ਦੀਆਂ ਕੰਧਾਂ ਵਿੱਚ ਵੱਜਦੇ ਫਿਰਦੇ ਸਨ, ਪਤਾ ਲੱਗਾ ਕਿ ਉਹ ਇਸ ਨੌਜਵਾਨ ਪ੍ਰਮੋਟਰ ਦੇ ਹੀ ਹਿੱਸੇਦਾਰ ਹਨ ਤੇ ਇਹਨਾਂ ਨੇ ਆਪਣੇ ਹਿਸੇ ਆਉਂਦਾ ਵੀਹ-ਵੀਹ ਹਜ਼ਾਰ ਡਾਲਰ ਵੀ ਉਸ ਨੌਜਵਾਨ ਨੂੰ ਦੇ ਦਿੱਤਾ ਹੈ ਤੇ ਹੁਣ ਉਹ ਸਾਫ਼ ਹੀ ਮੁੱਕਰ ਗਿਆ ਹੈ ਕਿ ਇਸਦਾ ਕੀ ਸਬੂਤ ਹੈ ਤੁਹਾਡੇ ਕੋਲ ਕਿ ਤੁਸੀਂ ਮੈਨੂੰ ਡਾਲਰ ਦਿੱਤੇ ਹਨ? ਪਤਾ ਚੱਲਿਆ ਕਿ ਇਸ ਤੋਂ ਇਲਾਵਾ ਉਸਨੇ ਬਹੁਤ ਸਾਰੀਆਂ ਟਿਕਟਾਂ ਵੇਚ ਕੇ ਵੀ ਹਜ਼ਾਰਾਂ ਡਾਲਰ ਇਕੱਠੇ ਕਰ ਲਏ ਸਨ ਤੇ ਵਿਦਿਆਰਥੀ ਮੁੰਡੇ ਕੁੜੀਆਂ ਨੂੰ ਉਚੇਚਾ ਕਹਿ ਦਿੱਤਾ ਹੋਇਆ ਸੀ ਕਿ ਜੇਕਰ ਤੁਸੀਂ ਸੌ ਡਾਲਰ ਵਾਲੀ ਟਿਕਟ ਦੌ ਸੌ ਵਿੱਚ ਖ਼ਰੀਦੋਗੇ ਤਾਂ ਉਹ ਬੱਬੂ ਮਾਨ ਨਾਲ ਉਹਨਾਂ ਦੀ ਫੋਟੋ ਵੀ ਕਰਵਾ ਦੇਵੇਗਾ ਤੇ ਆਟੋਗ੍ਰਾਫ਼ ਵੀ ਲੈ ਦੇਵੇਗਾ। ਇਸ ਪ੍ਰਕਾਰ ਦੌ ਦੌ ਸੌ ਡਾਲਰ ਵਿੱਚ ਕਈ ਲੋਕਾਂ ਨੂੰ ਉਸਨੇ ਰਗੜਾ ਫੇਰ ਸੁੱਟਿਆ ਸੀ। ਦੇਰ ਰਾਤ ਤੀਕ ਘੈਂਸ-ਘੈਸ ਹੁੰਦੀ ਰਹੀ ਪਰ ਮਸਲੇ ਦਾ ਹੱਲ ਕੋਈ ਨਹੀਂ ਸੀ ਨਿਕਲ ਰਿਹਾ ਤੇ ਸਾਰੇ ਸ਼ਹਿਰ ਵਿੱਚ ਸ਼ੋਅ ਮੁਲਤਵੀ ਹੋਣ ਦਾ ਰੌਲਾ ਪੈ ਗਿਆ ਸੀ।
ਅਮਰਜੀਤ ਖੇਲਾ ਨੇ ਕਿਹਾ ਕਿ ਸਿਡਨੀ ਵਿੱਚ ਬੱਬੂ ਮਾਨ ਦਾ ਸ਼ੋਅ ਮੁਲਤਵੀ ਹੋਣਾ ਸਾਰੇ ਸਿਡਨੀ ਦੇ ਪੰਜਾਬੀਆਂ ਲਈ ਹੇਠੀ ਵਾਲੀ ਗੱਲ ਹੋਵੇਗੀ। ਉਸ ਨੇ ਆਪਣੇ ਅਣਥੱਕ ਯਤਨਾਂ ਨਾਲ ਔਖੇ-ਸੌਖੇ ਇੱਕ ਹਜ਼ਾਰ ਦੇ ਲੋਕਾਂ ਦਾ ਰਸ਼ ਸਮਾਉਣ ਵਾਲਾ ਹਾਲ ਲੱਭ ਹੀ ਲਿਆ ਤੇ ਰਾਤੋ-ਰਾਤ ਲੋਕਾਂ ਨੂੰ ਸੁਨੇਹੇ ਭੇਜ ਕੇ ਸ਼ੋਅ ਦੀ ਬਹਾਲੀ ਲਈ ਸੂਚਿਤ ਕਰ ਦਿੱਤਾ। ਉਧਰ ਨੌਜਵਾਨ ਪ੍ਰਮੋਟਰ ਘੰਟਿਆਂ ਬੱਧੀ ਹੋਟਲ ਦੇ ਕਮਰੇ ਦੀ ਨੁੱਕਰੇ ਲੱਗਾ ਨਿਸ਼ਚਿੰਤ ਹੋ ਕੇ ਫ਼ੋਨ ਸੁਣ ਰਿਹਾ ਤੇ ਸੁਨੇਹੇ ਲਿਖ ਰਿਹਾ ਸੀ ਤੇ ਕਿਸੇ ਦੇ ਪਿੜ ਪੱਲੇ ਕੁਝ ਨਹੀਂ ਸੀ ਪਾ ਰਿਹਾ ਕਿ ਹੁਣ ਅੱਗੇ ਕੀ ਹੋਣਾ ਹੈ? ਗੱਲ ਰੁਪਏ ਜਾਂ ਦੋ ਰੁਪਏ ਦੀ ਨਹੀਂ, ਸਗੋਂ ਲੱਖਾਂ ਦੀ ਸੀ। ਆਖ਼ਿਰ ਇੰਝ ਹੋਇਆ ਕਿ ਉਸ ਨੌਜਵਾਨ ਪ੍ਰਮੋਟਰ ਨੇ ਪੇਪਰ 'ਤੇ ਇਹ ਲਿਖ ਦਿੱਤਾ ਕਿ ਕੱਲ੍ਹ ਬਾਰਾਂ ਵਜੇ ਤੀਕ ਆਣ ਕੇ ਉਹ ਬਣਦੀ ਲੱਗਭਗ ਚਾਲੀ ਹਜ਼ਾਰ ਡਾਲਰ ਦੀ ਰਕਮ ਦੇ ਜਾਵੇਗਾ। ਕੋਲ ਖਲੋਤੇ ਗਵਾਹੀਆਂ ਨੇ ਦਸਤਖ਼ਤ ਕੀਤੇ ਤੇ ਘਰੋ-ਘਰੀ ਚੱਲ ਪਏ। ਸਵੇਰ ਨੂੰ ਬਾਰਾਂ ਵਜੇ ਤੀਕ ਉਡੀਕਣ ਬਾਅਦ ਜਦ ਬੌਬੀ ਗਿੱਲ ਨੇ ਉਸਨੂੰ ਫ਼ੋਨ ਕੀਤਾ ਤਾਂ ਉਹ ਨੌਜਵਾਨ ਬੜੀ ਤਲਖੀ ਨਾਲ ਬੋਲਿਆ, ''ਰਾਤ ਜੋ ਮੈਂ ਤੁਹਾਨੂੰ ਲਿਖਤ ਕਰ ਕੇ ਦਿੱਤੀ ਸੀ ਉਹ ਤਾਂ ਮੇਰਾ ਉਸ ਵੇਲੇ ਹੋਟਲ ਵਿੱਚ ਤੁਹਾਡੇ ਤੋਂ ਖਹਿੜਾ ਛੁਡਾਉਣ ਦਾ ਇੱਕ ਬਹਾਨਾ ਹੀ ਸੀ...ਤੁਸੀਂ ਮੇਰਾ ਕੁਝ ਵੀ ਨਹੀਂ ਕਰ ਸਕਦੇ...ਮੈਂ ਤਾਂ ਰਾਤ ਹੀ ਫ਼ਲਾਈਟ ਲੈ ਕੇ ਆਪਣੇ ਸ਼ਹਿਰ ਪੁੱਜ ਗਿਆ ਸੀ।" ਇਹ ਕਹਿਕੇ ਉਸ ਨੇ ਫ਼ੋਨ ਬੰਦ ਕਰ ਦਿੱਤਾ। ਚੁੱਪ ਕੀਤੇ ਜਿਹੇ ਉਸ ਮੁੰਡੇ ਨੇ ਲੋਕਾਂ ਦੇ ਡਾਲਰ ਫੂਕ ਕੇ ਆਪਣਾ ਮਹੱਲ ਉਸਾਰ ਲਿਆ ਸੀ!

ਨਿੰਦਰ ਘੁਗਿਆਣਵੀ

No comments:

Post a Comment